ਇਸਲਾਮਾਬਾਦ, 24 ਨਵੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ (ਕੇਪੀਕੇ) ਦੇ ਕੁਰੱਮ ਜਿ਼ਲੇ੍ਹ 'ਚ ਵੀਰਵਾਰ ਤੋਂ ਜਾਰੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 82 ਤੱਕ ਪਹੁੰਚ ਗਈ ਹੈ, ਜਦਕਿ 156 ਲੋਕ ਜ਼ਖਮੀ ਹਨ। ਮਾਰੇ ਗਏ ਲੋਕਾਂ ਵਿਚ 16 ਸੁੰਨੀ ਅਤੇ 66 ਸ਼ੀਆ ਭਾਈਚਾਰੇ ਦੇ ਸਨ। ਹਮਲਾਵਰਾਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਲਾਸ਼ਾਂ ਨੂੰ ਸੌਂਪਣ ਤੋਂ ਇਨਕਾਰ ਕਰ ਰਹੇ ਹਨ।
ਖੈਬਰ ਪਖਤੂਨਖਵਾ ਦੇ ਮੰਤਰੀ ਆਫਤਾਬ ਆਲਮ ਨੇ ਕਿਹਾ ਕਿ ਅੱਜ ਸਾਡੀ ਪਹਿਲੀ ਕੋਸਿ਼ਸ਼ ਦੋ ਸਮੂਹਾਂ ਵਿਚਕਾਰ ਯੁੱਧ ਵਿਰਾਮ ਲਾਉਣਾ ਹੈ। ਜਿਵੇਂ ਹੀ ਅਜਿਹਾ ਹੁੰਦਾ ਹੈ, ਅਸੀਂ ਦੋਹਾਂ ਪੱਖਾਂ ਵਿਚਕਾਰ ਸਮਝੌਤੇ 'ਤੇ ਪਹੁੰਚਣ ਦੀ ਕੋਸਿ਼ਸ਼ ਕਰਾਂਗੇ। ਪਾਕਿਸਤਾਨੀ ਮੀਡੀਆ ਮੁਤਾਬਕ, ਹਾਲੇ ਵੀ ਲੜਾਈ ਜਾਰੀ ਹੈ। ਜਿ਼ਲ੍ਹੇ ਦੇ ਕਈ ਇਲਾਕਿਆਂ 'ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ ਜਾਰੀ ਹੈ।
ਵੀਰਵਾਰ ਨੂੰ ਕੁਰੱਮ ਜਿ਼ਲੇ੍ਹ ਦੇ ਮੰਡੂਰੀ ਅਤੇ ਓਛਤ 'ਚ 50 ਤੋਂ ਜਿ਼ਆਦਾ ਯਾਤਰੀ ਵੈਨਾਂ 'ਤੇ ਗੋਲੀਬਾਰੀ ਕੀਤੀ ਗਈ, ਜਿਸ 'ਚ 6 ਵੈਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਹ ਸਾਰੇ ਵਾਹਨ ਖੈਬਰ ਪਖਤੂਨਖਵਾ ਦੀ ਰਾਜਧਾਨੀ ਪਰਚਿਨਾਰ ਤੋਂ ਪੇਸ਼ਾਵਰ ਜਾ ਰਹੇ ਸਨ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸ਼ੀਆ ਬਹੁਲ ਕੁਰੱਮ ਜਿ਼ਲ੍ਹੇ ਵਿੱਚ ਅਲੀਜ਼ਈ (ਸ਼ੀਆ) ਅਤੇ ਬਾਗਾਨ (ਸੁੰਨੀ) ਕਬੀਲਿਆਂ ਦਰਮਿਆਨ ਦਹਾਕਿਆਂ ਤੋਂ ਸੰਘਰਸ਼ ਚੱਲ ਰਿਹਾ ਹੈ।
ਖੈਬਰ ਪਖਤੂਨਖਵਾ ਨੂੰ ਲੈ ਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹਮੇਸ਼ਾ ਤਣਾਅ ਰਿਹਾ ਹੈ। ਇਸ ਕਾਰਨ ਕਈ ਅੱਤਵਾਦੀ ਸਮੂਹ ਇਸ ਨੂੰ ਪਨਾਹਗਾਹ ਵਜੋਂ ਵਰਤਦੇ ਹਨ। ਇਸ ਤੋਂ ਇਲਾਵਾ ਇੱਥੇ ਰਹਿਣ ਵਾਲੇ ਕਬੀਲਿਆਂ ਵਿੱਚ ਜ਼ਮੀਨੀ ਵਿਵਾਦ ਵੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ।