ਕਿਹਾ- ਜਾਣਕਾਰੀ ਲੀਕ ਕਰਨ ਵਾਲੇ ਅਧਿਕਾਰੀ ਅਪਰਾਧੀ
ਓਟਵਾ, 24 ਨਵੰਬਰ (ਪੋਸਟ ਬਿਊਰੋ): ਭਾਰਤ ਨਾਲ ਵਧਦੇ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ, ਜਿਨ੍ਹਾਂ 'ਚ ਦੋਸ਼ ਲਾਇਆ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜਿ਼ਸ਼ ਬਾਰੇ ਪਹਿਲਾਂ ਹੀ ਪਤਾ ਸੀ। ਟਰੂਡੋ ਨੇ ਰਿਪੋਰਟ ਲੀਕ ਕਰਨ ਲਈ ਆਪਣੇ ਹੀ ਖੁਫੀਆ ਅਧਿਕਾਰੀਆਂ ਨੂੰ "ਅਪਰਾਧੀ" ਦੱਸਿਆ ਹੈ।
ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ ਕਿ ਬਦਕਿਸਮਤੀ ਨਾਲ ਅਸੀਂ ਦੇਖਿਆ ਹੈ ਕਿ ਗੁਪਤ ਸੂਚਨਾਵਾਂ ਲੀਕ ਕਰਨ ਵਾਲੇ ਅਪਰਾਧੀ ਝੂਠੀਆਂ ਕਹਾਣੀਆਂ ਪੇਸ਼ ਕਰਦੇ ਰਹਿੰਦੇ ਹਨ। ਅਸੀਂ ਵਿਦੇਸ਼ੀ ਦਖਲਅੰਦਾਜ਼ੀ ਦੀ ਕੌਮੀ ਜਾਂਚ ਕਰਵਾਈ, ਜਿਸ ਤੋਂ ਪਤਾ ਲੱਗਾ ਕਿ ਮੀਡੀਆ ਨੂੰ ਜਾਣਕਾਰੀ ਲੀਕ ਕਰਨ ਵਾਲੇ ਨਾ ਸਿਰਫ਼ ਅਪਰਾਧੀ ਸਨ, ਸਗੋਂ ਉਹ ਭਰੋਸੇਯੋਗ ਵੀ ਨਹੀਂ ਹਨ।
ਕੈਨੇਡੀਅਨ ਸਰਕਾਰ ਦੀ ਇੱਕ ਵੈਬਸਾਈਟ 'ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ, ਟਰੂਡੋ ਦੀ ਖੁਫੀਆ ਸਲਾਹਕਾਰ ਨਥਾਲੀ ਡਰੋਇਨ ਨੇ ਕਿਹਾ ਕਿ ਸਾਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਐੱਨਐੱਸਏ ਅਜੀਤ ਡੋਭਾਲ ਕੈਨੇਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਨਾਲ ਜੁੜੇ ਹੋਏ ਸਨ, ਜਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਪਹਿਲਾਂ ਤੋਂ ਜਾਣਕਾਰੀ ਸੀ ਜੋ ਕੁਝ ਵੀ ਕਿਹਾ ਜਾ ਰਿਹਾ ਹੈ ਉਹ ਸਿਰਫ਼ ਤਟਕਲਬਾਜ਼ੀ ਅਤੇ ਗਲਤ ਹੈ।