ਹਾਥਰਸ, 21 ਨਵੰਬਰ (ਪੋਸਟ ਬਿਊਰੋ): ਯੂਪੀ ਦੇ ਹਾਥਰਸ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਡਾਂਸ ਕਰਦੇ ਸਮੇਂ ਲਾੜੇ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਦੀ ਮੌਤ ਹੋਣ ਕਾਰਨ ਹਥਰਸ 'ਚ ਹੜਕੰਪ ਮਚ ਗਿਆ ਹੈ। ਘਰ ਵਿਚ ਰਿਸ਼ਤੇਦਾਰਾਂ ਨਾਲ ਨੱਚਦੇ ਹੋਏ ਲਾੜੇ ਨੂੰ ਦਿਲ ਦਾ ਦੌਰਾ ਪਿਆ। ਹਸਪਤਾਲ ਲਿਜਾਂਦੇ ਸਮੇਂ ਲਾੜੇ ਦੀ ਮੌਤ ਹੋ ਗਈ ਅਤੇ ਘਰ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।
ਲੜਕੇ ਦੀ ਬਰਾਤ ਹਾਥਰਸ ਤੋਂ ਆਗਰਾ ਜਾਣੀ ਸੀ। ਲਾੜੇ ਦੀ ਮੌਤ ਕਾਰਨ ਦੋਨਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ। ਮਾਮਲਾ ਹਾਥਰਸ ਗੇਟ ਥਾਣਾ ਖੇਤਰ ਦੇ ਇਗਲਾਸ ਰੋਡ 'ਤੇ ਸਥਿਤ ਪਿੰਡ ਭੋਜਪੁਰ ਖੇਤਸੀ ਦਾ ਹੈ।
ਲਾੜਾ ਸਿ਼ਵਮ ਸਿਰਫ 27 ਸਾਲ ਦਾ ਸੀ ਅਤੇ ਪਿੰਡ ਭੋਜਪੁਰ ਦਾ ਰਹਿਣ ਵਾਲਾ ਸੀ। ਉਹ ਕੰਟਰੈਕਟ 'ਤੇ ਕੰਪਿਊਟਰ ਅਧਿਆਪਕ ਸੀ। ਉਸ ਦਾ ਵਿਆਹ ਆਗਰਾ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ। ਘਰ ਵਿੱਚ ਰਸਮਾਂ ਖੁਸ਼ੀ-ਖੁਸ਼ੀ ਨਿਭਾਈਆਂ ਗਈਆਂ। ਇਸ ਖੁਸ਼ੀ ਵਿੱਚ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਸ਼ਾਮਿਲ ਹੋਏ।
ਸਿ਼ਵਮ ਨੂੰ ਛਾਤੀ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਕਮਰੇ 'ਚ ਚਲਾ ਗਿਆ, ਜਿੱਥੇ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਿਆ।
ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਜਿ਼ਲ੍ਹਾ ਹਸਪਤਾਲ ਲੈ ਗਏ ਪਰ ਡਾਕਟਰਾਂ ਦੀਆਂ ਸਾਰੀਆਂ ਕੋਸਿ਼ਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।