ਸਾਂਚੌਰ, 7 ਨਵੰਬਰ (ਪੋਸਟ ਬਿਊਰੋ): ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਗੈਂਗਸਟਰ ਲਾਰੈਂਸ ਦੇ ਨਾਂ 'ਤੇ ਧਮਕੀਆਂ ਦੇਣ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਦੋਸ਼ੀ ਭੀਖਾਰਾਮ ਬਿਸ਼ਨੋਈ (32) ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ ਸਾਂਚੌਰ ਜਿ਼ਲ੍ਹੇ ਦਾ ਰਹਿਣ ਵਾਲਾ ਹੈ। ਮਹਾਰਾਸ਼ਟਰ ਪੁਲਿਸ ਨੇ ਉਸ ਨੂੰ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਹੈ।
ਅਸਲ 'ਚ ਧਮਕੀ ਮਿਲਣ ਤੋਂ ਬਾਅਦ ਸਲਮਾਨ ਖਾਨ ਨੇ ਮੁੰਬਈ ਪੁਲਸ 'ਚ ਸਿ਼ਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਭੀਖਾਰਾਮ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕੋਈ ਸਬੰਧ ਨਹੀਂ ਹੈ ਪਰ ਉਹ ਗੈਂਗਸਟਰ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕਰਦਾ ਸੀ। ਉਹ ਆਪਣੀ ਪ੍ਰੋਫਾਈਲ ਤਸਵੀਰ ਵਿੱਚ ਉਸਦੀ ਤਸਵੀਰ ਵੀ ਸ਼ਾਮਿਲ ਕਰਦਾ ਸੀ।
ਭੀਖਾਰਾਮ ਬਿਸ਼ਨੋਈ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਉਸ ਨੂੰ ਧਮਕੀ ਦਿੱਤੀ ਸੀ। ਮਹਾਰਾਸ਼ਟਰ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਦੋਸ਼ੀ ਦੀ ਲੋਕੇਸ਼ਨ ਕਰਨਾਟਕ ਮਿਲੀ। ਇਸ 'ਤੇ ਮਹਾਰਾਸ਼ਟਰ ਪੁਲਿਸ ਨੇ ਕਰਨਾਟਕ ਪੁਲਿਸ ਨਾਲ ਆਪਣਾ ਇਨਪੁਟ ਸਾਂਝਾ ਕੀਤਾ ਹੈ।
ਪਤਾ ਲੱਗਾ ਕਿ ਮੁਲਜ਼ਮ ਹੁਬਲੀ ਵਿੱਚ ਹੈ। ਇਸ ਤੋਂ ਬਾਅਦ ਮੁੰਬਈ ਤੋਂ ਇਕ ਟੀਮ ਉੱਥੇ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਕਰਨਾਟਕ ਪੁਲਸ ਨੇ ਭੀਖਾਰਾਮ ਨੂੰ ਹਾਵੇਰੀ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ। ਉਸਦੀ ਗ੍ਰਿਫਤਾਰੀ ਤੋਂ ਬਾਅਦ ਕਰਨਾਟਕ ਪੁਲਿਸ ਨੇ ਉਸਨੂੰ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਮੁਤਾਬਕ ਭਿਖਾਰਾਮ ਬਿਸ਼ਨੋਈ ਗਰੀਬ ਪਰਿਵਾਰ ਦਾ ਹੈ ਅਤੇ ਮਜ਼ਦੂਰੀ ਕਰਦਾ ਸੀ। ਕਰੀਬ ਡੇਢ ਮਹੀਨਾ ਪਹਿਲਾਂ ਹੀ ਕਰਨਾਟਕ ਗਿਆ ਸੀ।