ਕੇਰਲ, 6 ਨਵੰਬਰ (ਪੋਸਟ ਬਿਊਰੋ): ਕੇਰਲ ਜਿ਼ਮਨੀ ਚੋਣਾਂ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਪੁਲਿਸ ਨੇ ਮਹਿਲਾ ਕਾਂਗਰਸ ਨੇਤਾਵਾਂ ਦੇ ਕਮਰਿਆਂ ਵਿਚ ਛਾਪੇਮਾਰੀ ਕੀਤੀ। ਪਲੱਕੜ ਵਿੱਚ ਚੋਣ ਪ੍ਰਚਾਰ ਲਈ ਆਏ ਕਾਂਗਰਸੀ ਆਗੂ ਬਿੰਦੂ ਕਸ਼ਣਾ ਅਤੇ ਸ਼ਨੀਮੋਲ ਉਸਮਾਨ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ।
ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਮਰਿਆਂ ਦੀ ਤਲਾਸ਼ੀ ਲਈ। ਪੁਲਿਸ ਨੂੰ ਸ਼ੱਕ ਹੈ ਕਿ ਚੋਣ ਪ੍ਰਚਾਰ ਵਿੱਚ ਕਾਲੇ ਧਨ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੂੰ ਜਾਂਚ 'ਚ ਕੁਝ ਨਹੀਂ ਮਿਲਿਆ।
ਕਾਂਗਰਸ ਨੇ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਹੈ। ਇਸ ਦੇ ਵਿਰੋਧ ਵਿੱਚ ਕਾਂਗਰਸੀ ਆਗੂਆਂ ਨੇ ਬੁੱਧਵਾਰ ਨੂੰ ਥਾਣਾ ਮੁਖੀ ਦੇ ਦਫ਼ਤਰ ਦੇ ਬਾਹਰ ਰੋਸ ਮਾਰਚ ਕੱਢਿਆ। ਉਨ੍ਹਾਂ ਹੋਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਦੀ ਮੰਗ ਕੀਤੀ ਹੈ।
ਕਾਂਗਰਸ ਨੇ ਦੋਸ਼ ਲਾਇਆ ਕਿ ਹੋਟਲ ਵਿੱਚ ਭਾਜਪਾ ਆਗੂ ਵੀ ਮੌਜੂਦ ਸਨ, ਪਰ ਪੁਲਿਸ ਨੇ ਉਨ੍ਹਾਂ ਦੀ ਤਲਾਸ਼ੀ ਨਹੀਂ ਲਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਭਾਜਪਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.ਐੱਮ.) ਦੇ ਆਗੂ ਹੋਟਲ ਪਹੁੰਚ ਗਏ ਸਨ।