ਨਵੀਂ ਦਿੱਲੀ, 3 ਨਵੰਬਰ (ਪੋਸਟ ਬਿਊਰੋ): ਦੱਖਣੀ-ਪੱਛਮੀ ਦਿੱਲੀ ’ਚ ‘ਹਿੱਟ ਐਂਡ ਰੰਨ’ ਦੇ ਇੱਕ ਮਾਮਲੇ ’ਚ ਇੱਕ ਕਾਰ ਸਵਾਰ ਨੇ ਡਿਊਟੀ ’ਤੇ ਤਾਇਨਾਤ ਦਿੱਲੀ ਟ੍ਰੈਫਿਕ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਰੀਬ 20 ਮੀਟਰ ਤੱਕ ਘਸੀਟਿਆ। ਇੱਕ ਪੁਲਿਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਕਰੀਬ 8:45 ਵਜੇ ਵੇਦਾਂਤ ਦੇਸਿ਼ਕਾ ਮਾਰਗ ਨੇੜੇ ਬੇਰ ਸਰਾਏ ਟ੍ਰੈਫਿਕ ਲਾਈਟ ’ਤੇ ਵਾਪਰੀ।
ਅਧਿਕਾਰੀ ਨੇ ਕਿਹਾ ਕਿ ਏ.ਐੱਸ.ਆਈ. ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸ਼ੈਲੇਸ਼ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਨ੍ਹਾਂ ਨੂੰ ਜਾਨ ਤੋਂ ਮਾਰਨ ਦਾ ਇਰਾਦਾ ਸੀ। ਕਤਲ ਦੀ ਕੋਸਿ਼ਸ਼, ਜਨਤਕ ਡਿਊਟੀ ’ਚ ਰੁਕਾਵਟ ਪਾਉਣ ਅਤੇ ਜਨਤਕ ਜੀਵਨ ਨੂੰ ਖਤਰੇ ’ਚ ਪਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਦੇ ਦੋ ਕਥਿਤ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ’ਚ ਦੋ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਕਾਰ ਘਸੀਟਦੇ ਹੋਏ ਵਿਖਾਇਆ ਗਿਆ ਹੈ, ਵੀਡੀਓ ’ਚ ਪੁਲਿਸ ਮੁਲਾਜ਼ਮ ਕਾਰ ਦਾ ਬੋਨਟ ਫੜ੍ਹਦੇ ਨਜ਼ਰ ਆ ਰਹੇ ਹਨ।
ਵੀਡੀਓ ’ਚ ਇਕ ਪੁਲਿਸ ਮੁਲਾਜ਼ਮ ਬ੍ਰੇਕ ਲਗਾਉਣ ਅਤੇ ਉਸ ਨੂੰ ਟੱਕਰ ਮਾਰਨ ਦੀ ਕੋਸਿ਼ਸ਼ ’ਚ ਪੁਲਿਸ ਮੁਲਾਜ਼ਮ ਜ਼ਮੀਨ ’ਤੇ ਡਿਗਦਾ ਵੇਖਿਆ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਕਿਸ਼ਨਗੜ੍ਹ ਥਾਣੇ ’ਚ ਪੀ.ਸੀ.ਆਰ. ਨੂੰ ਫੋਨ ਆਇਆ ਕਿ ਕਿਸੇ ਅਣਪਛਾਤੇ ਵਾਹਨ ਨੇ ਡਿਊਟੀ ’ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਨੂੰ ਟੱਕਰ ਮਾਰ ਦਿਤੀ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।’’
ਉਨ੍ਹਾਂ ਕਿਹਾ ਕਿ ਇਕ ਟੀਮ ਨੂੰ ਤੁਰਤ ਮੌਕੇ ’ਤੇ ਭੇਜਿਆ ਗਿਆ ਅਤੇ ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਖਮੀ ਜਵਾਨਾਂ ਨੂੰ ਪੀ.ਸੀ.ਆਰ. ਵੈਨ ਰਾਹੀਂ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਟੀਮ ਹਸਪਤਾਲ ਪਹੁੰਚੀ ਅਤੇ ਵੇਖਿਆ ਕਿ ਸਹਾਇਕ ਸਬ-ਇੰਸਪੈਕਟਰ ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸ਼ੈਲੇਸ਼ ਦੀ ਹਾਲਤ ਸਥਿਰ ਹੈ।