-ਨਾਮੀਨੇਸ਼ਨ ਲਈ ਦਸਤਾਵੇਜ਼ਾਂ ਸਮੇਤ 13 ਦਸੰਬਰ ਤੱਕ ਕਰੋ ਅਪਲਾਈ
ਮਿਸੀਸਾਗਾ, 10 ਅਕਤੂਬਰ (ਪੋਸਟ ਬਿਊਰੋ): ਮਿਸੀਸਾਗਾ ਐਡਵਾਇਜ਼ਰੀ ਕਮੇਟੀ (ਐੱਮ.ਸੀ.ਏ.ਸੀ) ਉਨ੍ਹਾਂ ਲੋਕਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੇ ਮਿਸੀਸਾਗਾ ਵਿਚ ਸਾਈਕਲ ਨੂੰ ਆਵਾਜਾਈ ਦੇ ਬਦਲ ਵਜੋਂ ਅਪਣਾਉਣ ਲਈ ਹੋਰਾਂ ਨੂੰ ਪ੍ਰੇਰਿਤ ਕੀਤਾ ਹੈ। ਹਰ ਸਾਲ ਦਿੱਤੇ ਜਾਂਦੇ ਫਿਲ ਗ੍ਰੀਨ ਰੈਕੋਗਨਿਸ਼ਨ ਅਵਾਰਡ ਤੋਂ ਇਲਾਵਾ ਕਮੇਟੀ ਤਿੰਨ ਨਵੇਂ ਅਵਾਰਡ ਸ਼ੁਰੂ ਕਰਨ ਜਾ ਰਹੀ ਹੈ। ਇਹ ਅਵਾਰਡ ਹਨ, ਬਿਜ਼ਨਸ ਰੈਕੋਗਨਿਸ਼ਨ ਅਵਾਰਡ, ਯੂਥ/ਸਕੂਲ ਸਾਇਕਲਿੰਗ ਰੈਕੋਗਨਿਸ਼ਨ ਅਵਾਰਡ ਅਤੇ ਸਾਈਕਲਿੰਗ ਇਕੁਇਟੀ, ਡਾਇਵਰਸਿਟੀ ਐਂਡ ਇਨਕਲੂਸ਼ਨ ਰੈਕੋਗਨਿਸ਼ਨ ਅਵਾਰਡ, ਜੋ ਕਿ ਵੱਖ-ਵੱਖ ਖੇਤਰ ‘ਚ ਸਾਇਕਲਿੰਗ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਦਿੱਤੇ ਜਾਣਗੇ।
ਅਵਾਰਡਾਂ ਦਾ ਵੇਰਵਾ ਇਸ ਤਰ੍ਹਾਂ ਹੈ :
ਫਿਲ ਗ੍ਰੀਨ ਰੈਕੋਗਨਿਸ਼ਨ ਅਵਾਰਡ:
ਇਹ ਅਵਾਰਡ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ 2024 ‘ਚ ਮਿਸੀਸਾਗਾ ‘ਚ ਸਾਈਕਲਿੰਗ ਜਾਂ ਕਿਸੇ ਹੋਰ ਕੁਦਰਤੀ ਊਰਜਾ ਵਾਲੇ ਵਿਕਲਪ ਨੂੰ ਆਵਾਜਾਈ ਲਈ ਚੁਣਨ `ਚ ਬਿਹਤਰੀਨ ਯੋਗਦਾਨ ਦਿੱਤਾ ਹੈ। ਅਵਾਰਡ ਮਿਸੀਸਾਗਾ ਦੇ ਰਹਿਣ ਵਾਲੇ ਫਿਲ ਗ੍ਰੀਨ, ਜੋ ਕਿ ਐੱਮ.ਸੀ.ਏ.ਸੀ. ਦੇ ਫਾਊਂਡਰ ਮੈਂਬਰਾਂ ਵਿਚੋਂ ਸਨ, ਨੂੰ ਸਤਿਕਾਰ ਦੇਣ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਮਿਸੀਸਾਗਾ ਵਿਚ ਸੁਰੱਖਿਅਤ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਬਿਹਤਰੀਨ ਯੋਗਦਾਨ ਦਿੱਤਾ ਹੈ।
ਸਾਈਕਲਿੰਗ ਇਕੁਇਟੀ, ਡਾਇਵਰਸਿਟੀ ਐਂਡ ਇਨਕਲੂਸ਼ਨ ਰੈਕੋਗਨਿਸ਼ਨ ਅਵਾਰਡ :
ਇਹ ਅਵਾਰਡ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਮਿਸੀਸਾਗਾ ਵਿਚ ਸਾਇਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨਤਾ, ਹਿੱਸੇਦਾਰੀ ਅਤੇ ਸਮਾਵੇਸ਼ ਨੂੰ ਅਪਣਾਇਆ ਅਤੇ ਅਪੰਗਾਂ, ਗਰੀਬਾਂ ਜਾਂ ਹੋਰ ਪਛੜੇ ਭਾਈਚਾਰਿਆਂ ਨੂੰ ਸਰੋਤ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਕਰਵਾਏ ਹੋਣ।
ਬਿਜ਼ਨਸ ਰੈਕੋਗਨਿਸ਼ਨ ਅਵਾਰਡ :
ਇਹ ਅਵਾਰਡ ਉਨ੍ਹਾਂ ਕਾਰੋਬਾਰੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਕਾਮੇ ਜਾਂ ਗਾਹਕਾਂ ਲਈ ਸਾਈਕਲ ਪਾਰਕਿੰਗਜ਼ ਬਣਵਾਈਆਂ ਹੋਣ ਜਾਂ ਸਾਇਕਲ ਦੀ ਵਰਤੋਂ ਕਰਨ ਵਾਲਿਆਂ ਲਈ ਛੋਟਾਂ ਦਿੱਤੀਆਂ ਹੋਣ।
ਯੂਥ/ਸਕੂਲ ਸਾਈਕਲਿੰਗ ਰੈਕੋਗਨਿਸ਼ਨ ਅਵਾਰਡ :
ਇਹ ਅਵਾਰਡ ਉਸ ਵਿਦਿਅਰਥੀ ਜਾਂ ਵਿਦਿਆਰਥੀਆਂ ਦੇ ਸਮੂਹ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਮਿਸੀਸਾਗਾ ਵਿਚ ਸਇਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਉਦਾਹਰਣਾਂ ਸੈੱਟ ਕੀਤੀਆਂ ਹੋਣ।
ਅਵਾਰਡ ਲਈ ਯੋਗਤਾ :
- ਉਹ ਮਿਸੀਸਾਗਾ ਦਾ ਵਸਨੀਕ ਹੋਵੇ।
- ਉਹ ਅਤੇ ਉਸ ਦੇ ਪਰਿਵਾਰ ਵਿਚੋਂ ਕੋਈ ਵੀ ਐੱਮ.ਸੀ.ਏ.ਸੀ. ਦੀ ਘੱਟ ਤੋਂ ਘੱਟ ਫੁਲ ਟਰਮ ਦਾ ਮੈਂਬਰ ਨਾ ਹੋਵੇ।
- ਉਹ ਅਤੇ ਉਸ ਦੇ ਪਰਿਵਾਰ ਵਿਚੋਂ ਕੋਈ ਵੀ ਮਿਸੀਸਾਗਾ ਜਾਂ ਪੀਲ ਰੀਜਨ ਦੇ ਸਾਇਕਲਿੰਗ ਜਾਂ ਸਸਟੇਨੇਬਲ ਟਰਾਂਸਪੋਰਟ ਵਿਭਾਗ `ਚ ਕੰਮ ਨਾ ਕਰਦਾ ਹੋਵੇ।
- ਉਸ ਨੂੰ ਪਿਛਲੇ ਚਾਰ ਸਾਲਾਂ ਵਿਚ ਐੱਮ.ਸੀ.ਏ.ਸੀ. ਤੋਂ ਕੋਈ ਅਵਾਰਡ ਨਾ ਮਿਲਿਆ ਹੋਵੇ।
ਨਾਮੀਨੇਟਸ਼ਨ ਇਸ ਤਰ੍ਹਾਂ ਕਰੋ:
ਨਾਮੀਨੇਸ਼ਨ ਲਿਖਤੀ ਭਰਿਆ ਜਾਵੇ ਤੇ ਉਹ ਵਿਅਕਤੀ ਅਵਾਰਡ ਲਈ ਕਿਉਂ ਯੋਗ ਹੈ, ਇਹ ਉਸ ਵਿਚ ਸਪੱਸ਼ਟ ਲਿਖਿਆ ਹੋਵੇ। ਕਿਸੇ ਦੇ ਵੀ ਖ਼ੁਦ ਦੇ ਨਾਮੀਨੇਸ਼ਨ ਭਰਨ `ਤੇ ਮਨ੍ਹਾਹੀ ਹੈ।
ਨਾਮੀਨੇਸ਼ਨ ਵਿਚ ਉਸ ਵਿਅਕਤੀ ਦੇ ਯੋਗਦਾਨ ਬਾਰੇ ਦੱਸਿਆ ਗਿਆ ਹੋਵੇ ਤੇ ਉਸ ਦੇ ਪੱਖ ਵਿਚ ਵਿਅਕਤੀਗਤ ਜਾਂ ਆਰਗੇਨਾਈਜ਼ੇਸ਼ਨ ਵਲੋਂ ਘੱਟੋ ਘੱਟ ਦੋ ਪੱਤਰ ਫਾਰਮ ਦੇ ਨਾਲ ਨੱਥੀ ਹੋਣ। ਨਾਮੀਨੇਸ਼ਨ ਫਾਰਮ mississauga.ca ਤੋਂ ਡਾਊਨਲੋਡ ਕਰ ਕੇ cycling@mississauga.ca `ਤੇ ਈਮੇਲ ਕੀਤੇ ਜਾਣ। ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 13 ਦਸੰਬਰ, 2024 ਰਾਤ 11:59 ਵਜੇ ਤੱਕ ਹੈ। ਜੇਤੂਆਂ ਦਾ ਐਲਾਨ 2025 ਦੇ ਸ਼ੁਰੂ ਵਿਚ ਹੋਣ ਵਾਲੀ ਸਿਟੀ ਕੌਂਸਲ ਦੀ ਮੀਟਿੰਗ ਵਿਚ ਕੀਤਾ ਜਾਵੇਗਾ।