ਨਵੀਂ ਦਿੱਲੀ, 10 ਅਕਤੂਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਆਸੀਆਨ ਸੰਮੇਲਨ 'ਚ ਹਿੱਸਾ ਲੈਣ ਲਈ ਵੀਰਵਾਰ ਨੂੰ 2 ਦਿਨਾਂ ਦੌਰੇ 'ਤੇ ਕਮਿਊਨਿਸਟ ਦੇਸ਼ ਲਾਓਸ ਪਹੁੰਚੇ। ਮੋਦੀ ਨੇ ਭਾਰਤ-ਆਸੀਆਨ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੀ ਐਕਟ-ਈਸਟ ਨੀਤੀ ਦਾ ਐਲਾਨ ਕੀਤਾ ਸੀ। ਪਿਛਲੇ ਦਹਾਕੇ ਵਿੱਚ ਇਸ ਨੀਤੀ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਊਰਜਾ, ਦਿਸ਼ਾ ਅਤੇ ਗਤੀ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਆਸੀਆਨ ਖੇਤਰਾਂ ਨਾਲ ਸਾਡਾ ਵਪਾਰ ਲਗਭਗ ਦੁੱਗਣਾ ਹੋ ਕੇ 130 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਅਸੀਂ ਇੱਕ ਸ਼ਾਂਤੀ ਪਸੰਦ ਦੇਸ਼ ਹਾਂ।
ਮੋਦੀ ਨੇ ਲਾਓਸ ਵਿੱਚ ਭਾਰਤ ਅਤੇ ਬਰੂਨੇਈ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਦਾ ਆਸੀਆਨ ਦੇ 7 ਦੇਸ਼ਾਂ ਨਾਲ ਸਿੱਧੀ ਉਡਾਨ ਸੰਪਰਕ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ 21ਵੀਂ ਸਦੀ ਭਾਰਤ ਅਤੇ ਆਸੀਆਨ ਦੇਸ਼ਾਂ ਦੀ ਸਦੀ ਹੈ। ਅੱਜ ਜਦੋਂ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਤਣਾਅ ਹੈ, ਭਾਰਤ ਅਤੇ ਆਸੀਆਨ ਦਰਮਿਆਨ ਦੋਸਤੀ, ਗੱਲਬਾਤ ਅਤੇ ਸਹਿਯੋਗ ਬਹੁਤ ਮਹੱਤਵਪੂਰਨ ਹੈ।
ਇਸ ਤੋਂ ਪਹਿਲਾਂ ਜਦੋਂ ਉਹ ਲਾਓਸ ਪਹੁੰਚੇ ਤਾਂ ਬੋਧੀ ਭਿਕਸ਼ੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲਾਓਸ ਦੀ ਰਾਜਧਾਨੀ ਵਿਏਨਟੀਏਨ ਵਿੱਚ ਲਾਓਸ ਦੀ ਰਾਮਾਇਣ ਵੀ ਦੇਖੀ। ਪ੍ਰਧਾਨ ਮੰਤਰੀ ਮੋਦੀ ਲਾਓਸ ਵਿੱਚ 10ਵੀਂ ਵਾਰ ਭਾਰਤ-ਆਸੀਆਨ ਸੰਮੇਲਨ ਵਿੱਚ ਸ਼ਾਮਿਲ ਹੋਏ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਸ ਦੌਰਾਨ ਪੀਐਮ ਮੋਦੀ ਆਸੀਆਨ ਦੇਸ਼ਾਂ ਦੇ ਕਈ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਵੀ ਕਰਨਗੇ। ਲਾਓਸ ਦੇ ਪ੍ਰਧਾਨ ਮੰਤਰੀ ਸੋਨੇਕਸ ਸਿਫੰਡਨ ਨੇ ਮੋਦੀ ਨੂੰ ਸੱਦਾ ਦਿੱਤਾ ਸੀ। ਲਾਓਸ ਇਸ ਸਾਲ ਭਾਰਤ-ਆਸੀਆਨ ਸਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।