ਵਾਸਿ਼ੰਗਟਨ, 9 ਅਕਤੂਬਰ (ਪੋਸਟ ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਵਿਚ ਕੋਰੋਨਾ ਮਹਾਮਾਰੀ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਨਿੱਜੀ ਵਰਤੋਂ ਲਈ ਕੋਵਿਡ ਟੈਸਟਿੰਗ ਕਿੱਟ ਭੇਜੀ ਸੀ। ਅਮਰੀਕੀ ਅਖਬਾਰ ਵਾਸਿ਼ੰਗਟਨ ਪੋਸਟ ਦੇ ਪੱਤਰਕਾਰ ਬੌਬ ਵੁਡਵਰਡ ਨੇ ਆਪਣੀ ਕਿਤਾਬ 'ਵਾਰ' 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਕਿਤਾਬ ਮੁਤਾਬਕ ਪੁਤਿਨ ਨੂੰ ਉਦੋਂ ਡਰ ਸੀ ਕਿ ਉਹ ਇਸ ਵਾਇਰਸ ਦਾ ਸਿ਼ਕਾਰ ਹੋ ਸਕਦੇ ਹਨ। ਇਸ ਮਦਦ ਤੋਂ ਬਾਅਦ ਪੁਤਿਨ ਨੇ ਟਰੰਪ ਨੂੰ ਇਸ ਗੱਲ ਨੂੰ ਗੁਪਤ ਰੱਖਣ ਦੀ ਚਿਤਾਵਨੀ ਵੀ ਦਿੱਤੀ ਸੀ ਕਿਉਂਕਿ ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਅਮਰੀਕੀ ਰਾਸ਼ਟਰਪਤੀ ਤੋਂ ਬਹੁਤ ਨਾਰਾਜ਼ ਹੋ ਜਾਣਗੇ। ਹਾਲਾਂਕਿ ਟਰੰਪ ਦੀ ਚੋਣ ਮੁਹਿੰਮ ਟੀਮ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।
ਉਸ ਨੇ ਵੁੱਡਵਰਡ ਦੀ ਕਿਤਾਬ ਨੂੰ ‘ਰੱਦੀ’ ਕਿਹਾ। 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਅਤੇ ਪੁਤਿਨ ਦੇ ਰਾਸ਼ਟਰਪਤੀ ਅਹੁਦੇ ਛੱਡਣ ਤੋਂ ਬਾਅਦ ਵੀ ਉਨ੍ਹਾਂ ਵਿਚਾਲੇ ਕਈ ਵਾਰ ਗੱਲਬਾਤ ਹੋਈ ਸੀ।
ਨਿਊਯਾਰਕ ਟਾਈਮਜ਼ ਨੇ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ ਫਲੋਰੀਡਾ ਸਥਿਤ ਆਪਣੇ ਮਾਰ-ਏ-ਲਾਗੋ ਨਿਵਾਸ ਤੋਂ ਆਪਣੇ ਇਕ ਸਹਿਯੋਗੀ ਨੂੰ ਕੱਢ ਦਿੱਤਾ ਸੀ ਤਾਂ ਜੋ ਉਹ ਪੁਤਿਨ ਨਾਲ ਗੱਲ ਕਰ ਸਕੇ। ਟਰੰਪ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ 2021 ਵਿੱਚ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਉਨ੍ਹਾਂ ਨੇ ਪੁਤਿਨ ਨਾਲ ਲਗਭਗ 6 ਵਾਰ ਗੱਲ ਕੀਤੀ ਹੈ।
ਹਾਲਾਂਕਿ ਰੂਸੀ ਰਾਸ਼ਟਰਪਤੀ ਦੇ ਦਫਤਰ ਕ੍ਰੇਮਲਿਨ ਨੇ ਬੁੱਧਵਾਰ ਨੂੰ ਇਸ ਦਾਅਵੇ ਦਾ ਖੰਡਨ ਕੀਤਾ। ਵੁਡਵਰਡ ਦੇ ਦਾਅਵਿਆਂ 'ਤੇ, ਟਰੰਪ ਮੁਹਿੰਮ ਦੇ ਬੁਲਾਰੇ ਨੇ ਕਿਹਾ ਕਿ ਉਹ ਇੱਕ ਗੁੱਸੇ ਵਾਲਾ ਵਿਅਕਤੀ ਹੈ ਅਤੇ ਇਸ ਗੱਲ ਤੋਂ ਨਾਰਾਜ਼ ਹੈ ਕਿ ਟਰੰਪ ਨੇ ਉਸ 'ਤੇ ਮੁਕੱਦਮਾ ਕੀਤਾ ਹੈ ਕਿਉਂਕਿ ਉਸ ਨੇ ਬਿਨ੍ਹਾਂ ਇਜਾਜ਼ਤ ਟਰੰਪ ਬਾਰੇ ਜਾਣਕਾਰੀ ਲੀਕ ਕੀਤੀ ਸੀ।