ਪੈਰਿਸ, 9 ਅਕਤੂਬਰ (ਪੋਸਟ ਬਿਊਰੋ): ਫਰਾਂਸ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਪੁੱਤਰ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰਿਤੇਊ ਨੇ ਮੰਗਲਵਾਰ ਨੂੰ ਇਸ ਹੁਕਮ 'ਤੇ ਦਸਤਖਤ ਕੀਤੇ। ਗ੍ਰਹਿ ਮੰਤਰੀ ਰਿਤੇਊ ਨੇ ਕਿਹਾ ਕਿ ਹੁਣ ਉਮਰ ਬਿਨ ਲਾਦੇਨ ਦੇ ਫਰਾਂਸ ਵਾਪਿਸ ਆਉਣ ਦੀ ਉਮੀਦ ਹਮੇਸ਼ਾ ਲਈ ਖਤਮ ਹੋ ਗਈ ਹੈ।
ਰਿਤੇਊ ਨੇ ਕਿਹਾ ਕਿ ਉਮਰ ਨੇ ਸੋਸ਼ਲ ਮੀਡੀਆ 'ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਨਾਲ ਜੁੜੀਆਂ ਪੋਸਟਾਂ ਕੀਤੀਆਂ ਸਨ। 43 ਸਾਲਾ ਉਮਰ 2016 ਤੋਂ ਫਰਾਂਸ ਦੇ ਨੌਰਮੈਂਡੀ ਵਿੱਚ ਰਹਿ ਰਿਹਾ ਸੀ। ਉਸਨੇ ਬ੍ਰਿਟਿਸ਼ ਨਾਗਰਿਕ ਜ਼ੈਨਾ ਮੁਹੰਮਦ ਅਲ-ਸਬਾਹ (ਜੇਨ ਫੇਲਿਕਸ ਬ੍ਰਾਊਨ) ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਸਨੂੰ ਫਰਾਂਸ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਇੱਥੇ ਉਹ ਪੇਂਟਿੰਗ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ।
ਪਿਛਲੇ ਸਾਲ ਉਮਰ ਨੇ ਪਿਤਾ ਓਸਾਮਾ ਬਿਨ ਲਾਦੇਨ ਦੇ ਜਨਮ ਦਿਨ 'ਤੇ ਇਕ ਪੋਸਟ ਪਾਈ ਸੀ। ਇਸ ਵਿੱਚ ਉਸਨੇ ਆਪਣੇ ਪਿਤਾ ਦੀ ਤਾਰੀਫ ਕੀਤੀ। ਇਸ ਨੂੰ ਅੱਤਵਾਦ ਦੇ ਸਮਰਥਨ ਵਜੋਂ ਦੇਖਿਆ ਗਿਆ। ਇਸ ਤੋਂ ਬਾਅਦ ਉਸ ਦਾ ਫਰਾਂਸ ਵਿਚ ਰਹਿਣ ਦਾ ਪਰਮਿਟ ਦੋ ਸਾਲ ਲਈ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਕਤਰ ਚਲਾ ਗਿਆ।
ਉਮਰ ਬਿਨ ਲਾਦੇਨ ਦਾ ਜਨਮ 1981 ਵਿੱਚ ਸਾਊਦੀ ਅਰਬ ਵਿੱਚ ਹੋਇਆ ਸੀ। ਉਹ ਓਸਾਮਾ ਦਾ ਚੌਥਾ ਪੁੱਤਰ ਹੈ। ਉਮਰ ਬਿਨ ਲਾਦੇਨ 1991 ਤੋਂ 1996 ਤੱਕ ਆਪਣੇ ਪਿਤਾ ਨਾਲ ਸੁਡਾਨ ਵਿੱਚ ਰਿਹਾ।