ਆਗਰਾ, 8 ਅਕਤੂਬਰ (ਪੋਸਟ ਬਿਊਰੋ): ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਤੇ ਉਨ੍ਹਾਂ ਦੀ ਪਤਨੀ ਸਾਜਿਦਾ ਮੁਹੰਮਦ ਨੇ ਮੰਗਲਵਾਰ ਨੂੰ ਇਤਿਹਾਸਕ ਤਾਜ ਮਹਿਲ ਦਾ ਦੌਰਾ ਕੀਤਾ ਅਤੇ 17ਵੀਂ ਸਦੀ ਦੇ ਆਰਕੀਟੈਕਚਰ ਦੇ ਇਸ ਅਦਭੁਤ ਨਮੂਨੇ ਨੂੰ ਦੇਖ ਕੇ ਮੰਤਰਮੁਗਧ ਹੋ ਗਏ। ਚਾਰ ਦਿਨਾਂ ਦੀ ਦੁਵੱਲੀ ਯਾਤਰਾ 'ਤੇ ਭਾਰਤ ਆਏ ਮੁਈਜ਼ੂ ਨੇ ਵਿਜ਼ਟਰ ਬੁੱਕ 'ਚ ਲਿਖਿਆ ਕਿ ਇਸ ਮਕਬਰੇ ਦੀ ਖੂਬਸੂਰਤੀ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਮੰਤਰਮੁਗਧ ਕਰ ਦੇਣ ਵਾਲੀ ਇਹ ਵਿਰਾਸਤ ਪਿਆਰ ਅਤੇ ਆਰਕੀਟੈਕਚਰ ਦਾ ਪ੍ਰਮਾਣ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਰਫੋਂ ਰਾਜ ਮੰਤਰੀ ਯੋਗੇਂਦਰ ਉਪਾਧਿਆਏ ਨੇ ਆਗਰਾ ਹਵਾਈ ਅੱਡੇ 'ਤੇ ਮੁਈਜ਼ੂ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਤਾਜ ਮਹਿਲ ਵਿਚ ਵੀ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਪਾਧਿਆਏ ਨੇ ਮੁਈਜ਼ੂ ਅਤੇ ਉਨ੍ਹਾਂ ਦੀ ਪਤਨੀ ਨੂੰ ਤਾਜ ਮਹਿਲ ਦੀ ਪ੍ਰਤੀਕ੍ਰਿਤੀ ਭੇਟ ਕੀਤੀ। ਦੋਵਾਂ ਮਹਿਮਾਨਾਂ ਨੇ ਇੱਥੇ ਫੋਟੋਆਂ ਵੀ ਖਿਚਵਾਈਆਂ।
ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੁਈਜ਼ੂ ਦੇ ਦੌਰੇ ਦੌਰਾਨ ਤਾਜ ਮਹਿਲ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਲੋਕਾਂ ਲਈ ਬੰਦ ਰਿਹਾ। ਮੁਈਜ਼ੂ ਨੇ 'ਸਿ਼ਲਪਗ੍ਰਾਮ' ਦਾ ਦੌਰਾ ਵੀ ਕੀਤਾ। ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਬ੍ਰਜ ਖੇਤਰ ਦੇ ਕਲਾਕਾਰਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਪੇਸ਼ ਕੀਤੇ।