-ਦੇਸ਼ ਠੀਕ ਦਿਸ਼ਾ ਵੱਲ ਜਾ ਰਿਹਾ ਹੈ, ਨੂੰ ਮੰਨਣ ਵਾਲੇ ਲੋਕਾਂ ਦਾ ਗਰਾਫ਼ ਹੇਠਾਂ ਡਿੱਗਾ
ਕੈਲੀਫੋਰਨੀਆ, 8 ਅਕਤੂਬਰ (ਹੁਸਨ ਲੜੋਆ ਬੰਗਾ): ਹਾਲਾਂ ਕਿ ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਵਿਚਾਲੇ ਫਸਵਾਂ ਮੁਕਾਬਲਾ ਹੈ ਪਰੰਤੂ ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਹੈਰਿਸ ਲਈ ਵੱਡੀ ਚੁਣੌਤੀ ਉਹ ਲੋਕ ਹਨ ਜੋ ਸੋਚਦੇ ਹਨ ਕਿ ਇਸ ਸਮੇ ਦੇਸ਼ ਸਹੀ ਦਿਸ਼ਾ ਵੱਲ ਨਹੀਂ ਜਾ ਰਿਹਾ। ਇਨਾਂ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਭਟਕ ਗਿਆ ਹੈ। ਹੈਰਿਸ ਲਈ ਇਹ ਲੋਕ ਵੱਡੀ ਚੁਣੌਤੀ ਬਣ ਸਕਦੇ ਹਨ। ਇਕ ਤਾਜ਼ਾ ਸਰਵੇ ਵਿਚ ਅਮਰੀਕੀਆਂ ਨੂੰ ਪੁੱਛਿਆ ਗਿਆ ਕਿ ਕੀ ਦੇਸ਼ ਸਹੀ ਦਿਸ਼ਾ ਜਾਂ ਗਲਤ ਪੱਟੜੀ 'ਤੇ ਜਾ ਰਿਹਾ ਹੈ ਤਾਂ ਇਸ ਦੇ ਨਤੀਜੇ ਜੋ ਆਏ ਉਹ ਸਪੱਸ਼ਟ ਤੌਰ 'ਤੇ ਡੈਮੋਕਰੈਟਿਕ ਉਮੀਦਵਾਰ ਲਈ ਚੁਣੌਤੀ ਬਣ ਸਕਦੇ ਹਨ। ਐਨ ਬੀ ਸੀ ਨਿਊਜ਼ ਦੇ ਤਾਜ਼ਾ ਸਰਵੇ ਅਨੁਸਾਰ ਕੇਵਲ 28% ਅਮਰੀਕੀਆਂ ਦਾ ਵਿਸ਼ਵਾਸ਼ ਹੈ ਕਿ ਇਸ ਸਮੇ ਦੇਸ਼ ਦੀ ਦਿਸ਼ਾ ਠੀਕ ਹੈ। 2021 ਵਿਚ ਜਦੋਂ ਜੋ ਬਾਈਡਨ ਨੇ ਚੋਣ ਜਿੱਤੀ ਸੀ ਤਾਂ ਉਸ ਸਮੇ ਇਹ ਪ੍ਰਤੀਸ਼ਤ 40% ਸੀ । ਕੋਈ ਵੀ ਸੱਤਾਧਾਰੀ ਪਾਰਟੀ ਇਹ ਨਹੀਂ ਚਾਹੇਗੀ ਕਿ ਜਦੋਂ ਚੋਣਾਂ ਵਿਚ ਕੇਵਲ ਇਕ ਮਹੀਨਾ ਰਹਿੰਦਾ ਹੋਵੇ ਤਾਂ ਲੋਕ ਉਸ ਬਾਰੇ ਨਾਕਾਰਤਮਿਕ ਸੋਚਣ। 1980 ਤੋਂ ਬਾਅਦ ਉਹ ਹੀ ਸੱਤਾਧਾਰੀ ਪਾਰਟੀ ਚੋਣ ਜਿੱਤਦੀ ਆਈ ਹੈ ਜਿਸ ਬਾਰੇ ਔਸਤ 42% ਅਮਰੀਕੀਆਂ ਨੇ ਕਿਹਾ ਸੀ ਕਿ ਉਹ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੀ ਹੈ। ਰਾਜਾਂ ਨੂੰ ਨੇੜਿਉਂ ਘੋਖਣ ਤੋਂ ਬਾਅਦ ਇਹ ਸਪੱਸ਼ਟ ਹੋਇਆ ਹੈ ਕਿ ਇਕ ਵੀ ਅਜਿਹੀ ਉਦਾਹਰਣ ਨਹੀਂ ਹੈ ਕਿ ਜਦੋਂ ਕੋਈ ਸੱਤਾਧਾਰੀ ਪਾਰਟੀ ਉਸ ਸਮੇ ਮੁੜ ਚੋਣ ਜਿੱਤੀ ਹੋਵੇ ਜਦੋਂ 39% ਤੋਂ ਘੱਟ ਲੋਕਾਂ ਨੇ ਕਿਹਾ ਹੋਵੇ ਕਿ ਦੇਸ਼ ਦੀ ਦਿਸ਼ਾ ਠੀਕ ਹੈ। ਕਮਲਾ ਹੈਰਿਸ ਲਈ 28% ਦਾ ਅੰਕੜਾ ਪ੍ਰੇਸ਼ਾਨ ਕਰਨ ਵਾਲਾ ਹੈ।