ਕਾਠਮੰਡੂ, 8 ਅਕਤੂਬਰ (ਪੋਸਟ ਬਿਊਰੋ): ਨੇਪਾਲ ਵਿਚ ਸਥਿਤ ਦੁਨੀਆਂ ਦੇ ਸੱਤਵੇਂ ਸਭ ਤੋਂ ਉੱਚੇ ਧੌਲਾਗਿਰੀ ਪਰਬਤ ਤੋਂ ਉਤਰਦੇ ਸਮੇਂ ਐਤਵਾਰ ਨੂੰ ਲਾਪਤਾ ਹੋਏ 5 ਰੂਸੀ ਪਰਬਤਾਰੋਹੀਆਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਬਰਾਮਦ ਕਰ ਲਈਆਂ ਗਈਆਂ। ਇੱਕ ਖੋਜ ਟੀਮ ਨੇ ਅੱਜ 8,167 ਮੀਟਰ ਉੱਚੀ ਚੋਟੀ 'ਤੇ 7,100 ਮੀਟਰ ਦੀ ਉਚਾਈ 'ਤੇ ਰੂਸੀ ਪਰਬਤਾਰੋਹੀਆਂ ਦੀਆਂ ਲਾਸ਼ਾਂ ਦੀ ਖੋਜ ਕੀਤੀ।
ਰੂਸੀ ਪਰਬਤਾਰੋਹੀਆਂ ਦੀ ਮੁਹਿੰਮ ਦਾ ਪ੍ਰਬੰਧਨ ਕਰ ਰਹੇ ਆਈ.ਏ.ਐੱਮ. ਟ੍ਰੈਕਿੰਗ ਐਂਡ ਐਕਸਪੀਡੀਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਫੁਨੁਰੂ ਸ਼ੇਰਪਾ ਨੇ ਕਿਹਾ ਕਿ 5 ਲੋਕ ਮ੍ਰਿਤਕ ਪਾਏ ਗਏ। ਹਾਲਾਂਕਿ ਇੱਕ ਪਰਬਤਾਰੋਹੀ ਨੂੰ ਬਚਾਅ ਲਿਆ ਗਿਆ ਹੈ। ਸਾਰੀਆਂ ਲਾਸ਼ਾਂ ਇੱਕੋ ਥਾਂ ਤੋਂ ਮਿਲੀਆਂ। ਸ਼ੇਰਪਾ ਨੇ ਦੱਸਿਆ ਕਿ ਕੁੱਲ 14 ਰੂਸੀ ਪਰਬਤਾਰੋਹੀਆਂ ਨੇ ਧੌਲਾਗਿਰੀ ਪਰਬਤ 'ਤੇ ਚੜ੍ਹਨ ਦੀ ਕੋਸਿ਼ਸ਼ ਕੀਤੀ ਅਤੇ ਉਨ੍ਹਾਂ 'ਚੋਂ 8 ਸਫਲ ਚੜ੍ਹਾਈ ਤੋਂ ਬਾਅਦ ਪਹਿਲਾਂ ਹੀ ਸੁਰੱਖਿਅਤ ਹੇਠਾਂ ਉਤਰ ਆਏ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਨੇ ਐਤਵਾਰ ਸਵੇਰੇ ਆਪਣੇ ਦੇਸ਼ ਵਾਸੀਆਂ ਨਾਲ ਆਖਰੀ ਵਾਰ ਗੱਲਬਾਤ ਕੀਤੀ ਸੀ।