ਯੇਰੂਸ਼ਲਮ, 6 ਅਕਤੂਬਰ (ਪੋਸਟ ਬਿਊਰੋ): ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲ-ਹਮਾਸ ਯੁੱਧ ਦੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ 'ਚ ਉਨ੍ਹਾਂ ਕਿਹਾ ਕਿ ਸਾਡਾ ਦੇਸ਼ 7 ਮੋਰਚਿਆਂ 'ਤੇ ਜੰਗ ਲੜ ਰਿਹਾ ਹੈ।
ਨੇਤਨਯਾਹੂ ਨੇ ਕਿਹਾ ਕਿ ਅਸੀਂ ਹਮਾਸ, ਈਰਾਨ, ਹਿਜ਼ਬੁੱਲਾ, ਵੈਸਟ ਬੈਂਕ ਦੇ ਅੱਤਵਾਦੀਆਂ, ਯਮਨ ਦੇ ਹਾਊਤੀ ਅਤੇ ਇਰਾਕ-ਸੀਰੀਆ ਸ਼ੀਆ ਅੱਤਵਾਦੀਆਂ ਦੇ ਹਮਲਿਆਂ ਤੋਂ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਹਾਂ।
ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਨੂੰ ਦੁਹਰਾਉਂਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਈਰਾਨ ਦੁਆਰਾ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਬਦਲਾ ਲੈਣਗੇ। ਇਜ਼ਰਾਈਲ ਯਕੀਨੀ ਤੌਰ 'ਤੇ ਈਰਾਨ 'ਤੇ ਹਮਲਾ ਕਰੇਗਾ।
ਇਸ ਦੇ ਨਾਲ ਹੀ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗਲੈਂਟ ਨੇ ਕਿਹਾ ਹੈ ਕਿ ਈਰਾਨੀ ਹਮਲੇ ਵਿੱਚ ਉਨ੍ਹਾਂ ਦੇ ਏਅਰਬੇਸ ਨੂੰ ਵੀ ਨੁਕਸਾਨ ਨਹੀਂ ਪਹੁੰਚਿਆ ਹੈ। ਗੈਲੈਂਟ ਨੇ ਐਤਵਾਰ ਨੂੰ ਨੇਵਾਤਿਮ ਏਅਰ ਬੇਸ ਦਾ ਦੌਰਾ ਕੀਤਾ। ਈਰਾਨ ਨੇ 1 ਅਕਤੂਬਰ ਨੂੰ ਹੋਏ ਹਮਲੇ 'ਚ ਇਸ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਤੋਂ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਲੇਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਅਤੇ ਜ਼ਮੀਨੀ ਕਾਰਵਾਈਆਂ ਦੇ ਵਿਚਕਾਰ, ਇਜ਼ਰਾਈਲੀ ਫੌਜ ਨੇ ਪੂਰੀ ਰਾਤ ਬੈਰੂਤ ਹਵਾਈ ਅੱਡੇ ਦੇ ਨੇੜੇ ਹਵਾਈ ਹਮਲੇ ਕੀਤੇ। ਕੁਝ ਹਮਲੇ ਹਵਾਈ ਅੱਡੇ ਵੱਲ ਜਾਣ ਵਾਲੀਆਂ ਸੜਕਾਂ 'ਤੇ ਹੋਏ ਅਤੇ ਕੁਝ ਹਵਾਈ ਅੱਡੇ ਦੀ ਕੰਧ 'ਤੇ ਹੋਏ।
ਇਜ਼ਰਾਈਲੀ ਰੱਖਿਆ ਫੋਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੇ ਕਈ ਕਮਾਂਡ ਸੈਂਟਰਾਂ, ਹਥਿਆਰਾਂ ਦੇ ਡਿਪੂ, ਸੁਰੰਗਾਂ ਅਤੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਆਈਡੀਐੱਫ ਨੇ ਕਿਹਾ ਕਿ ਉਹ 30 ਸਤੰਬਰ ਨੂੰ ਲੇਬਨਾਨ ਵਿੱਚ ਜ਼ਮੀਨੀ ਕਾਰਵਾਈਆਂ ਦੀ ਸ਼ੁਰੂਆਤ ਤੋਂ ਬਾਅਦ 440 ਹਿਜ਼ਬੁੱਲਾ ਮੈਂਬਰਾਂ ਨੂੰ ਮਾਰ ਚੁੱਕੇ ਹਨ।