ਵਾਸਿ਼ੰਗਟਨ, 29 ਸਤੰਬਰ (ਪੋਸਟ ਬਿਊਰੋ): ਅਰਬਪਤੀ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨੇ ਸ਼ਨੀਵਾਰ ਦੁਪਹਿਰ ਫਲੋਰੀਡਾ ਦੇ ਕੇਪ ਕੈਨਾਵੇਰਲ ਲਾਂਚ ਪੈਡ ਤੋਂ ਆਪਣਾ ਫਾਲਕਨ 9 ਰਾਕੇਟ ਪੁਲਾੜ ਵਿੱਚ ਭੇਜਿਆ। ਡਰੈਗਨ ਪੁਲਾੜ ਯਾਨ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਇਸ ਰਾਕੇਟ ਵਿੱਚ ਦੋ ਚਾਲਕ ਦਲ ਦੇ ਮੈਂਬਰ, ਨਾਸਾ ਦੇ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਹਨ।
5 ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਫਸੇ ਭਾਰਤੀ ਮੂਲ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਡਰੈਗਨ ਪੁਲਾੜ ਯਾਨ ਰਾਹੀਂ ਧਰਤੀ 'ਤੇ ਵਾਪਿਸ ਲਿਆਂਦਾ ਜਾਵੇਗਾ। ਚਾਰ ਸੀਟਾਂ ਵਾਲੇ ਇਸ ਰਾਕੇਟ ਵਿੱਚ ਦੋ ਸੀਟਾਂ ਖਾਲੀ ਰਹਿ ਗਈਆਂ ਹਨ।
ਫਾਲਕਨ 9 ਲਈ ਨਵਾਂ ਲਾਂਚ ਪੈਡ ਵਰਤਿਆ ਗਿਆ। ਜੋ ਕਿ ਇੱਕ ਕਰੂ ਮੈਂਬਰ ਮਿਸ਼ਨ ਲਈ ਇਸ ਪੈਡ ਦੀ ਪਹਿਲੀ ਵਰਤੋਂ ਸੀ। ਨਾਸਾ ਦੇ ਮੁਖੀ ਬਿਲ ਨੇਲਸਨ ਨੇ ਐਕਸ `ਤੇ ਆਪਣੀ ਪੋਸਟ ਵਿੱਚ ਕਿਹਾ ਕਿ ਸਫਲ ਲਾਂਚ ਲਈ @NASA ਅਤੇ @SpaceX ਨੂੰ ਵਧਾਈ। ਅਸੀਂ ਤਾਰਿਆਂ ਵਿੱਚ ਖੋਜ ਅਤੇ ਨਵੀਨਤਾ ਦੇ ਇੱਕ ਦਿਲਚਸਪ ਦੌਰ ਵਿੱਚ ਰਹਿ ਰਹੇ ਹਾਂ।
ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਇਸ ਸਾਲ 5 ਜੂਨ ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਵਿੱਚ ਆਈਐੱਸਐੱਸ ਵਿੱਚ ਭੇਜਿਆ ਗਿਆ ਸੀ। ਦੋਨਾਂ ਨੇ 13 ਜੂਨ ਨੂੰ ਵਾਪਿਸ ਆਉਣਾ ਸੀ ਪਰ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ।