ਯੇਰੂਸ਼ਲਮ, 28 ਸਤੰਬਰ (ਪੋਸਟ ਬਿਊਰੋ): ਇਜ਼ਰਾਇਲੀ ਹਮਲੇ 'ਚ ਹਿਜ਼ਬੁੱਲਾ ਮੁਖੀ ਹਸਨ ਨਸਰਾਲਾਹ ਮਾਰਿਆ ਗਿਆ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਸ਼ਨੀਵਾਰ ਨੂੰ ਇਹ ਦਾਅਵਾ ਕੀਤਾ। ਜਾਣਕਾਰੀ ਅਨੁਸਾਰ, 27 ਸਤੰਬਰ ਨੂੰ ਆਈਡੀਐੱਫ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਇੱਕ 80 ਟਨ ਬੰਕਰ ਬਸਟਰ ਬੰਬ ਨਾਲ ਹਵਾਈ ਹਮਲਾ ਕੀਤਾ। ਉਸ ਸਮੇਂ ਨਸਰਾਲਾਹ ਵੀ ਇੱਥੇ ਮੌਜੂਦ ਸੀ।
ਆਈਡੀਐੱਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਦੁਨੀਆਂ ਨੂੰ ਹੁਣ ਨਸਰਾਲਾਹ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਦਹਿਸ਼ਤ ਨਹੀਂ ਫੈਲਾ ਸਕੇਗਾ। ਹਾਲਾਂਕਿ ਹਿਜ਼ਬੁੱਲਾ ਵੱਲੋਂ ਹਾਲੇ ਤੱਕ ਨਸਰਲਾਹ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ 'ਚ ਭਾਸ਼ਣ ਦੇਣ ਤੋਂ ਬਾਅਦ ਆਪਣੇ ਹੋਟਲ ਦੇ ਕਮਰੇ ਤੋਂ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਹਮਲੇ ਤੋਂ ਬਾਅਦ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਨੇ ਨੇਤਨਯਾਹੂ ਦੀ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿੱਚ ਉਹ ਇੱਕ ਲੈਂਡਲਾਈਨ ਫੋਨ ਤੋਂ ਲੇਬਨਾਨ ਵਿੱਚ ਹਮਲੇ ਦਾ ਆਦੇਸ਼ ਦੇ ਰਹੇ ਹਨ।
ਦੂਜੇ ਪਾਸੇ ਨਸਰਾਲਾਹ ਦੀ ਮੌਤ ਤੋਂ ਬਾਅਦ ਈਰਾਨ 'ਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਗਿਆ ਹੈ।