ਬਰੈਂਪਟਨ, 25 ਸਤੰਬਰ (ਪੋਸਟ ਬਿਊਰੋ): ਪੀਲ ਪੁਲਿਸ ਦਾ ਕਹਿਣਾ ਹੈ ਕਿ ਬਰੈਂਪਟਨ ਦੇ ਇੱਕ ਵਿਅਕਤੀ `ਤੇ ਨਿਵੇਸ਼ ਘੋਟਾਲੇ ਤੋਂ ਬਾਅਦ ਧੋਖਾਧੜੀ ਦੇ ਦੋਸ਼ ਲੱਗੇ ਹਨ, ਜਿਸ ਵਿੱਚ ਪੀੜਤ ਨਾਲ ਇੱਕ ਲੱਖ 70 ਹਜ਼ਾਰ ਡਾਲਰ ਦੀ ਠੱਗੀ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਜੂਨ 2022 ਵਿੱਚ ਪੀੜਤ ਨੇ ਗਾਰੰਟੀ ਆਧਾਰਿਤ ਨਿਵੇਸ਼ ਪ੍ਰਮਾਣ ਪੱਤਰ ਖਰੀਦਣ ਲਈ ਆਨਲਾਈਨ ਪੁੱਛਗਿਛ ਸ਼ੁਰੂ ਕੀਤੀ ਅਤੇ ਅਣਜਾਣੇ ਵਿੱਚ ਇੱਕ ਕਾਲਪਨਿਕ ਕੰਪਨੀ ਦੇ ਨਾਮ ਦੇ ਲਿੰਕ `ਤੇ ਕਲਿਕ ਕਰ ਦਿੱਤਾ, ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਿਯਮਕ ਨਿਵੇਸ਼ ਕੰਪਨੀ ਨਾਲ ਕਾਫ਼ੀ ਮਿਲਦਾ-ਜੁਲਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੇ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਜਿਸਨੂੰ ਉਹ ਕਾਲਪਨਿਕ ਵਿੱਤੀ ਸੇਵਾ ਕੰਪਨੀ ਦਾ ਨਿਯਮਕ ਪ੍ਰਤੀਨਿਧੀ ਮੰਨਦਾ ਸੀ ਅਤੇ ਬਾਅਦ ਵਿੱਚ ਉਸਨੇ ਕੁਲ ਇੱਕ ਲੱਖ 70 ਹਜ਼ਾਰ ਡਾਲਰ ਟਰਾਂਸਫਰ ਕਰ ਦਿੱਤੇ।
ਪੁਲਿਸ ਨੇ ਕਿਹਾ ਕਿ ਜਦੋਂ ਪੀੜਤ ਅਤੇ ਸ਼ੱਕੀ ਵਿੱਚ ਸੰਚਾਰ ਖ਼ਤਮ ਹੋ ਗਿਆ ਤਾਂ ਪੀੜਤ ਨੇ ਅਸਲੀ ਨਿਵੇਸ਼ ਕੰਪਨੀ ਨਾਲ ਸੰਪਰਕ ਕੀਤਾ ਜਿਸ `ਤੇ ਉਸਨੂੰ ਦੱਸਿਆ ਗਿਆ ਕਿ ਉਸਦੇ ਨਾਲ ਠੱਗੀ ਹੋ ਗਈ ਹੈ।
ਵਰਨੋਨ ਆਰਸੀਐੱਮਪੀ ਦੀ ਸਹਾਇਤਾ ਨਾਲ ਇੱਕ ਲੰਬੀ ਜਾਂਚ ਤੋਂ ਬਾਅਦ, ਇੱਕ ਸ਼ੱਕੀ ਦੀ ਪਹਿਚਾਣ ਕੀਤੀ ਗਈ ਅਤੇ 20 ਸਤੰਬਰ ਨੂੰ ਬਰੈਂਪਟਨ ਦੇ ਇੱਕ 62 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ `ਤੇ 5 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਧੋਖਾਧੜੀ ਅਤੇ ਅਪਰਾਧ ਨਾਲ ਪ੍ਰਾਪਤ ਪੈਸੇ ਨੂੰ ਆਪਣੇ ਕੋਲ ਰੱਖਣ ਦਾ ਚਾਰਜਿਜ਼ ਲਗਾਇਆ ਗਿਆ ਹੈ।