ਫਿਰੋਜ਼ਪੁਰ, 19 ਅਗਸਤ (ਪੋਸਟ ਬਿਊਰੋ): ਫਿਰੋਜ਼ਪੁਰ ਵਿੱਚ ਸੀਆਈਏ ਸਟਾਫ਼ ਨੇ ਜ਼ੀਰਾ ਤੋਂ ਦੋ ਭਰਾਵਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ, ਇੱਕ ਦੇਸੀ ਪਿਸਤੌਲ, 7 ਜਿ਼ੰਦਾ ਕਾਰਤੂਸ, 12 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਨੋਵਾ ਸਮੇਤ ਕਾਬੂ ਕੀਤਾ ਹੈ। ਸਬ-ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਲਈ ਅੰਡਰਬ੍ਰਿਜ ਫਰੀਦਕੋਟ ਵਿਖੇ ਪੁੱਜੇ। ਉਦੋਂ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਵਿਸ਼ਾਲ ਉਰਫ ਸ਼ੈਲੀ ਪੁੱਤਰ ਰੌਸ਼ਨ ਨਾਲ ਮਿਲ ਕੇ ਸੋਨੂੰ ਪੁੱਤਰ ਰੌਸ਼ਨ ਵਾਸੀ ਬਸਤੀ ਮਾਛੀਆਂ, ਨੇੜੇ ਚਰਚ ਜੀਰਾ, ਜਿ਼ਲ੍ਹਾ ਫਿਰੋਜ਼ਪੁਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।
ਦੋਵੇਂ ਮੁਲਜ਼ਮ ਸਿਲਵਰ ਰੰਗ ਦੀ ਇਨੋਵਾ ਗੱਡੀ ਵਿੱਚ ਆ ਰਹੇ ਹਨ, ਜਿਸ ਦੇ ਬਾਅਦ ਨਾਕਾਬੰਦੀ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਮੁਲਜ਼ਮਾਂ ਦੀ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਨਸ਼ੀਲਾ ਪਦਾਰਥ ਅਤੇ ਪਿਸਤੌਲ ਬਰਾਮਦ ਹੋਇਆ। ਮੁਲਜ਼ਮਾਂ ਖਿਲਾਫ਼ ਥਾਣਾ ਕੁਲਗੜ੍ਹੀ ਵਿੱਚ ਐਨਡੀਪੀਐੱਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।