ਜਲੰਧਰ, 7 ਫਰਵਰੀ (ਪੋਸਟ ਬਿਊਰੋ)- ਥਾਣਾ ਬਾਰਾਦਰੀ ਵਿੱਚ ਪੈਂਦੇ ਗੜ੍ਹਾ ਰੋਡ ਲਾਈਨਾਂ ਦੇ ਨੇੜੇ ਸੈਕਿੰਡ ਹੈਂਡ ਹੱਬ ਨਾਮੀ ਲੈਪਟਾਪ ਦੇ ਸ਼ੋਅਰੂਮ ਚੋਰਾਂ ਨੇ ਰਾਤ ਲੱਖਾਂ ਦੇ ਲੈਪਟਾਪ ਚੋਰੀ ਕਰ ਲਏ।
ਪਤਾ ਲੱਗਾ ਹੈ ਕਿ ਚੋਰਾਂ ਨੇ ਪਹਿਲਾਂ ਤਾਲੇ ਸਮੇਤ ਸ਼ੋਅਰੂਮ ਦਾ ਸ਼ਟਰ ਤੋੜਿਆ ਤੇ ਫਿਰ ਸ਼ੀਸ਼ੇ ਵਾਲਾ ਦਰਵਾਜ਼ਾ ਤੋੜ ਕੇ ਅੰਦਰ ਵੜੇ। ਇਸੇ ਦੌਰਾਨ ਜਦੋਂ ਸ਼ੋਅਰੂਮ ਵਿੱਚ ਸਾਇਰਨ ਵੱਜਾ ਤਾਂ ਉਨ੍ਹਾਂ ਨੇ ਸਾਇਰਨ ਤੋੜ ਦਿੱਤਾ ਅਤੇ ਸੀ ਸੀ ਟੀ ਵੀ ਨੂੰ ਉਖਾੜ ਕੇ ਲਾਈਟ ਬੰਦ ਕਰ ਦਿੱਤੀ। ਦੱਸਿਆ ਗਿਆ ਹੈ ਕਿ ਚੋਰ ਸ਼ੋਅਰੂਮਤੋਂ 10 ਤੋਂ 12 ਲੈਪਟਾਪ ਚੋਰੀ ਕਰਕੇ ਲੈ ਗਏ। ਸ਼ੋਅਰੂਮ ਦੇ ਮਾਲਕ ਮੁਨੀਸ਼ ਨਿਵਾਸੀ ਜਸਵੰਤ ਨਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਜਾਣਕਾਰ ਦਾ ਫ਼ੋਨ ਆਇਆ ਕਿ ਸ਼ੋਅਰੂਮ ਦਾ ਸ਼ਟਰ ਟੁੱਟਾ ਹੈ। ਜਦੋਂ ਉਹ ਓਥੇ ਗਏ ਤਾਂ ਦੇਖਿਆ ਕਿ ਸ਼ੋਅਰੂਮ ਦਾ ਸ਼ਟਰ ਤਾਲੇ ਸਮੇਤ ਪੁੱਟਿਆ ਹੋਇਆ ਹੈ ਤੇ ਅੰਦਰ ਦਾ ਸ਼ੀਸ਼ੇ ਦਾ ਦਰਵਾਜ਼ਾ ਵੀ ਟੁੱਟਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 10 ਤੋਂ 12 ਲੱਖ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਥਾਣਾ ਮੁੱਖੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਗ਼੍ਰਿਫ਼ਤਾਰ ਕਰ ਲਏ ਜਾਣਗੇ।