ਸਿਰਸਾ, 19 ਫਰਵਰੀ (ਪੋਸਟ ਬਿਊਰੋ)- ਇਸ ਜ਼ਿਲ੍ਹੇਵਿਚਲੇ ਰਾਣੀਆਂ ਬਲਾਕ ਦੇ ਪਿੰਡ ਬਚੇਰ ਵਿਖੇ ਮੋਟਰਸਾਈਕਲ ਵਿੱਚ ਉਧਾਰ ਵਿੱਚ ਪੈਟਰੋਲ ਪਾਉਣ ਤੋਂ ਮਨ੍ਹਾ ਕਰਨ ਉੱਤੇ ਤਿੰਨ ਬਦਮਾਸ਼ਾਂ ਨੇ ਪੰਪ ਦੇ ਦੋ ਕਾਰਿੰਦਿਆਂ ਨੂੰ ਪੇਟ ਵਿੱਚ ਸਿੱਧੀ ਗੋਲੀ ਮਾਰ ਦਿੱਤੀ, ਜਿਸ ਨਾਲ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਪੰਕਜ ਵਾਸੀ ਉਤਰ ਪ੍ਰਦੇਸ਼ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਬਚੇਰ-ਨਥੌਰ ਰੋਡ ਉੱਤੇ ਬਾਲਾਜੀ ਪੈਟਰੋ ਸਿਟੀ ਪੰਪ ਉੱਤੇ ਪੰਕਜ ਤੇ ਅਨਿਲ ਦੋਵੇਂ ਨੌਕਰੀ ਕਰਦੇ ਸਨ। ਅਨਿਲ ਨੇ ਦੱਸਿਆ ਕਿ ਕੱਲ੍ਹ ਇੱਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉਧਾਰ ਵਿੱਚ ਪੈਟਰੋਲ ਪਵਾਉਣ ਲਈ ਪੰਪ ਉੱਤੇ ਆਏ ਤਾਂ ਪੰਕਜ ਨੇ ਤੇਲ ਪਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਮੌਕੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੰਕਜ ਨੂੰ ਗਾਲਾਂ ਕੱਢੀਆਂ। ਉਨ੍ਹਾਂ ਵਿੱਚੋਂ ਇੱਕ ਦੋਸ਼ੀ ਸਤਬੀਰ ਨੇ ਪਿਸਤੌਲ ਕੱਢੀ ਅਤੇ ਪੰਕਜ ਉੱਤੇ ਗੋਲੀ ਚਲਾ ਦਿੱਤੀ, ਜਿਹੜੀ ਉਸ ਦੇ ਪੇਟ ਵਿੱਚ ਲੱਗਣ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਿਆ।ਉਸ ਨੇ ਦੱਸਿਆ ਕਿ ਸਤਬੀਰ ਦੇ ਨਾਲ ਆਏ ਮਨੀਸ਼ ਨੇ ਮੇਰੇ ਉਪਰ ਗੋਲੀ ਚਲਾਈ, ਜੋ ਮੇਰੇ ਹੱਥ ਨੂੰ ਟਚ ਕਰ ਕੇ ਨਿਕਲ ਗਈ। ਵਾਰਦਾਤ ਤੋਂ ਬਾਅਦ ਤਿੰਨੇ ਦੋਸ਼ੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਰਾਜਸਥਾਨ ਵੱਲ ਭੱਜ ਗਏ। ਅਨਿਲ ਨੇ ਇਸ ਦੀ ਸੂਚਨਾ ਪੰਪ ਮਾਲਕ ਗਗਨਦੀਪ ਨੂੰ ਦਿੱਤੀ। ਦੋਵੇਂ ਜ਼ਖ਼ਮੀਆਂ ਨੂੰ ਸਿਰਸਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੰਕਜ ਦੀ ਗੰਭੀਰ ਹਾਲਤ ਦੇਖ ਕੇ ਡਾਕਟਰਾਂ ਨੇ ਉਸ ਨੂੰ ਅਗਰੋਹਾ ਰੈਫਰ ਕਰ ਦਿੱਤਾ, ਜਿੱਥੇ ਪੰਕਜ ਦੀ ਮੌਤ ਹੋ ਗਈ।
ਥਾਣਾ ਰਾਣੀਆਂ ਦੇ ਇੰਚਾਰਜ ਸਾਧੂ ਰਾਮ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਅਤੇ ਪੁਲਸ ਜਲਦ ਹੀ ਮੁਲਜ਼ਮਾਂ ਨੂੰ ਗ਼੍ਰਿਫ਼ਤਾਰ ਕਰੇਗੀ।