ਜਲੰਧਰ, 23 ਜਨਵਰੀ (ਪੋਸਟ ਬਿਊਰੋ)- ਕਮਿਸ਼ਨਰੇਟ ਪੁਲਸ ਜਲੰਧਰ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਤੇ ਥਾਣਾ ਨੰਬਰ-6 ਦੀ ਪੁਲਸ ਨੇ 8 ਜਨਵਰੀ ਨੂੰ ਮਾਡਲ ਟਾਊਨ ਇਲਾਕੇ ਵਿੱਚੋਂ ਗੰਨ ਪੁਆਇੰਟ ਉੱਤੇ ਬੀ ਐਮ ਡਬਲਯੂ ਕਾਰ ਲੁੱਟ ਕੇ ਲਿਜਾਣ ਵਾਲੇ ਦੋਸ਼ੀਆਂ ਨੂੰ ਗ਼੍ਰਿ੍ਰਫ਼ਤਾਰ ਕਰ ਲਿਆ ਹੈ।
ਮਜੀਠਾ ਰੋਡ ਅੰਮ੍ਰਿਤਸਰ ਤੋਂ ਗ਼੍ਰਿਫ਼ਤਾਰ ਕੀਤੇ ਉਕ ਦੋਸ਼ੀਆਂ ਦੀ ਪਛਾਣ ਹਰਸ਼ਬੀਰ ਸਿੰਘ ਉਰਫ ਹਰਸ਼ ਪੁੁੱਤਰ ਜਗਦੀਪ ਸਿੰਘ ਵਾਸੀ ਜਗਦੇਵ ਕਲਾਂ ਥਾਣਾ ਝੰਡੇਰ ਜ਼ਿਲ੍ਹਾ ਅੰਮ੍ਰਿਤਸਰ ਮੌਜੂਦਾ ਵਾਸੀ ਹਾਲੀਵੁੱਡ ਹਾਈਟਸ ਫਲੈਟ ਨੰਬਰ-49 ਕੁਰਾਲੀ ਜ਼ਿਲ੍ਹਾ ਮੋਹਾਲੀ ਤੇ ਰਾਜਕਰਨ ਉਰਫ ਬੰਟੀ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰਬਰ-6 ਨਗੀਨਾ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਦੋਵੇਂ ਜਣੇ ਰਿਸ਼ਤੇ ਵਿੱਚ ਮਾਮਾ ਭਾਣਜਾ ਹਨ।ਪੁੁਲਸ ਨੇ ਦੱਸਿਆ ਕਿ ਪੁਨੀਤ ਆਹੂਜਾ ਪੁੱਤਰ ਮੁਕੇਸ਼ ਕੁਮਾਰ ਆਹੂਜਾ ਵਾਸੀ ਜੇ ਪੀ ਨਗਰ ਕੋਲੋਂ ਗੰਨ ਪੁਆਇੰਟ ਉੱਤੇ ਖੋਹੀ ਬੀ ਐਮ ਡਬਲਯੂ ਕਾਰ ਪੁਲਸ ਪਹਿਲਾਂ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਕੱਲ੍ਹ ਪੁਲਸ ਨੇ ਕਾਰ ਦੀ ਆਰ ਸੀ (ਰਜਿਸਟਰੇਸ਼ਨ), ਇੱਕ ਹੋਰ ਕਾਰ ਦੀ ਚਾਬੀ, ਇੱਕ ਖਿਡੌਣਾ ਪਿਸਤੌਲ ਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ 21 ਸਾਲ ਦੇ ਹਰਸ਼ਬੀਰ ਦੇ ਖ਼ਿਲਾਫ਼ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਥਾਣਿਆਂ ਵਿੱਚ ਕੇਸ ਦਰਜ ਹਨ ਅਤੇ ਰਾਜਕਰਨ ਉਰਫ ਬੰਟੀ ਖ਼ਿਲਾਫ਼ ਜਲੰਧਰ ਦੇ ਥਾਣਾ ਨੰਬਰ 6 ਤੇ 7 ਤੋਂ ਬਿਨਾ ਅੰਮ੍ਰਿਤਸਰ ਦੇ ਥਾਣਿਆਂ ਸੁਲਤਾਨਵਿੰਡ ਖੇਤਰ, ਕੰਬੋ, ਅਜਨਾਲਾ, ਸਿਵਲ ਲਾਈਨ, ਮਕਬੂਲਪੁਰ, ਖਿਲਚੀਆਂ ਆਦਿ ਵਿੱਚ ਵੱਖ-ਵੱਖ ਧਾਰਾਵਾਂ ਦੇ ਕੇਸ ਦਰਜ ਹਨ।