ਪੈਰਿਸ, 8 ਅਗਸਤ (ਪੋਸਟ ਬਿਊਰੋ): ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 'ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਸਵੇਰੇ ਐਕਸ `ਤੇ ਇਕ ਪੋਸਟ ਵਿਚ ਲਿਖਿਆ ਹੈ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮੁਆਫ਼ ਕਰਨਾ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ। ਇਸ ਤੋਂ ਜਿ਼ਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਭ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫੀ।
ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਵਿਨੇਸ਼ ਨੂੰ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਦੇ ਬਰਾਬਰ ਸਨਮਾਨ ਅਤੇ ਇਨਾਮ ਦੇਵੇਗੀ।