ਟੋਰਾਂਟੋ, 7 ਅਗਸਤ (ਪੋਸਟ ਬਿਊਰੋ): ਸਮਰ ਮੈਕਿੰਟੋਸ਼ 2024 ਓਲੰਪਿਕ ਖੇਡਾਂ ਵਿੱਚ ਇਤਿਹਾਸ ਰਚਨ ਤੋਂ ਬਾਅਦ ਟੋਰਾਂਟੋ ਵਿੱਚ ਆਪਣੇ ਘਰ ਵਾਪਿਸ ਆ ਗਏ ਹਨ। ਲੇਕਿਨ 17 ਸਾਲਾ ਤੈਰਾਕ ਨੇ ਸਵੀਕਾਰ ਕੀਤਾ ਕਿ ਪੈਰਿਸ ਵਿੱਚ ਉਨ੍ਹਾਂ ਦੇ ਰਿਕਾਰਡ ਤੋੜਨ ਵਾਲੇ ਪ੍ਰਦਰਸ਼ਨ ਵਿਚੋਂ ਹਾਲੇ ਤੱਕ ਪੂਰੀ ਤਰ੍ਹਾਂ ਬਾਹਰ ਨਹੀਂ ਆਈ ਹੈ। ਮੈਕਿੰਟੋਸ਼ ਨੇ ਨੌਂ ਦਿਨਾਂ ਮੀਟ ਦੌਰਾਨ ਚਾਰ ਮੈਡਲ ਜਿੱਤੇ ਅਤੇ ਦੇਸ਼ ਦੀ ਪਹਿਲੀ ਟ੍ਰਿਪਲ ਗੋਲਡ ਮੈਡਲਿਸਟ ਬਣੇ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਮੁੱਖ ਗੱਲ ਇਹ ਹੈ ਕਿ ਜਦੋਂ ਮੈਂ ਮੁਕਾਬਲਾ ਕਰ ਰਹੀ ਹੁੰਦੀ ਹਾਂ, ਤਾਂ ਇਸਨੂੰ ਸਰਲ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਵਾਸਤਵ ਵਿੱਚ ਇਸ ਬਾਰੇ ਨਹੀਂ ਸੋਚਦੀ ਕਿ ਇਸਤੋਂ ਬਾਅਦ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਮੰਗਲਵਾਰ ਦੁਪਹਿਰ ਮੌਕੇ ਜਹਾਜ਼ ਤੋਂ ਉੱਤਰਨ ਤੋਂ ਕੁੱਝ ਹੀ ਪਲ ਬਾਅਦ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਮੈਂ ਟੇ੍ਰਨਿੰਗ ਅਤੇ ਰੇਸਿੰਗ ਅਤੇ ਹੋਰ ਚੀਜ਼ਾਂ ਤੋਂ ਅਤੇ ਤੈਰਾਕੀ ਤੋਂ ਕੁੱਝ ਸਮੇਂ ਲਈ ਛੁੱਟੀ ਲਵਾਂਗੀ ਅਤੇ ਮੈਂ ਇਸ ਪਲ ਦਾ ਆਨੰਦ ਲੈ ਸਕਦੀ ਹਾਂ ਅਤੇ ਪਿਛਲੇ ਕੁੱਝ ਹਫਤਿਆਂ ਵਿੱਚ ਜੋ ਕੁੱਝ ਵੀ ਹੋਇਆ ਹੈ, ਉਸਦੀ ਪ੍ਰਸੰਸਾ ਕਰ ਸਕਦੀ ਹਾਂ।