ਲੰਡਨ, 30 ਜੁਲਾਈ (ਪੋਸਟ ਬਿਊਰੋ): ਬ੍ਰਿਟੇਨ 'ਚ ਲਿਵਰਪੂਲ ਨੇੜੇ ਸਾਊਥਪੋਰਟ 'ਚ ਸੋਮਵਾਰ ਸ਼ਾਮ ਨੂੰ ਇਕ ਨਾਬਾਲਿਗ ਨੇ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 1 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਚਿਲਡਰਨ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ 'ਚ ਜਿ਼ਆਦਾਤਰ ਬੱਚੇ ਸ਼ਾਮਿਲ ਹਨ।
ਇਹ ਹਮਲਾ ਬੱਚਿਆਂ ਦੀ ਡਾਂਸ ਵਰਕਸ਼ਾਪ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ 17 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲੇ ਵਿੱਚ ਵਰਤਿਆ ਗਿਆ ਚਾਕੂ ਵੀ ਜ਼ਬਤ ਕਰ ਲਿਆ ਗਿਆ ਹੈ।
ਉੱਤਰੀ ਪੱਛਮੀ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਨ੍ਹਾਂ ਨੇ ਚਾਕੂ ਦੇ ਜ਼ਖ਼ਮਾਂ ਵਾਲੇ ਅੱਠ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਕੁਝ ਨੂੰ ਐਲਡਰ ਹੇ ਚਿਲਡਰਨ ਹਸਪਤਾਲ ਲਿਜਾਇਆ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟੋਰਮਰ ਨੇ ਇਸ ਘਟਨਾ ਨੂੰ 'ਭਿਆਨਕ' ਕਰਾਰ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਪ੍ਰਧਾਨ ਮੰਤਰੀ ਸਟਾਰਮਰ ਨੇ ਲਿਖਿਆ ਕਿ ਸਾਊਥਪੋਰਟ ਤੋਂ ਭਿਆਨਕ ਅਤੇ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆਈ ਹੈ। ਪ੍ਰਧਾਨ ਮੰਤਰੀ ਸਟਾਰਮਰ ਨੇ ਵੀ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਤੋਂ ਇਲਾਵਾ ਬ੍ਰਿਟੇਨ ਦੇ ਗ੍ਰਹਿ ਮੰਤਰੀ ਕੂਪਰ ਅਤੇ ਲਿਵਰਪੂਲ ਦੇ ਮੇਅਰ ਸਟੀਵ ਰੋਥਰਮ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।