ਕੈਨਬਰਾ, 21 ਅਕਤੂਬਰ (ਪੋਸਟ ਬਿਊਰੋ): ਆਸਟ੍ਰੇਲੀਆ ਦੌਰੇ 'ਤੇ ਗਏ ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕਿੰਗ ਚਾਰਲਸ ਸੋਮਵਾਰ ਨੂੰ ਆਸਟ੍ਰੇਲੀਆਈ ਸੰਸਦ 'ਚ ਭਾਸ਼ਣ ਦੇਣ ਪਹੁੰਚੇ ਸਨ। ਇਸ ਦੌਰਾਨ ਇੱਕ ਸੈਨੇਟਰ ਨੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਰਾਜਾ ਨਹੀਂ ਹੋ।
ਸੈਨੇਟਰ ਲਿਡੀਆ ਥੋਰਪ ਨੇ ਕਿਹਾ ਕਿ ਤੁਸੀਂ ਇੱਕ ਕਾਤਲ ਹੋ, ਤੁਸੀਂ ਸਾਡੇ ਲੋਕਾਂ ਦਾ ਕਤਲੇਆਮ ਕੀਤਾ ਹੈ। ਇਸ ਸਮੇਂ ਦੌਰਾਨ, ਲਿਡੀਆ ਨੇ ਰਾਜਾ ਚਾਰਲਸ ਨੂੰ ਉਨ੍ਹਾਂ ਦੀਆਂ ਜ਼ਮੀਨਾਂ, ਪੁਰਖਿਆਂ ਦੀਆਂ ਅਸਥੀਆਂ ਅਤੇ ਕਲਾਕ੍ਰਿਤੀਆਂ ਨੂੰ ਮੂਲ ਨਿਵਾਸੀਆਂ ਨੂੰ ਵਾਪਿਸ ਕਰਨ ਲਈ ਕਿਹਾ।
ਲਿਡੀਆ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬ੍ਰਿਟਿਸ਼ ਸਾਮਰਾਜ ਨੇ ਉਨ੍ਹਾਂ ਦੀ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ।
ਕਿੰਗ ਚਾਰਲਸ ਦੇ ਵਿਰੋਧ 'ਚ ਨਿਕਲੀ ਲਿਡੀਆ ਰਵਾਇਤੀ ਕੱਪੜੇ ਪਾ ਕੇ ਸੰਸਦ ਪਹੁੰਚੇ ਸਨ। ਨਾਅਰੇਬਾਜ਼ੀ ਕਰਨ ਤੋਂ ਬਾਅਦ ਸੁਰੱਖਿਆ ਅਧਿਕਾਰੀ ਉਨ੍ਹਾਂ ਨੂੰ ਸੰਸਦ ਤੋਂ ਬਾਹਰ ਲੈ ਗਏ। ਸੰਸਦ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਲਿਡੀਆ ਨੇ ਕਿਹਾ ਕਿ ਜਦੋਂ ਤੱਕ ਕਿੰਗ ਆਸਟ੍ਰੇਲੀਆ ਦੇ ਓਪਚਾਰਿਕ ਮੁਖੀ ਬਣੇ ਰਹਿਣਗੇ, ਅਸੀਂ ਬ੍ਰਿਟਿਸ਼ ਸਾਮਰਾਜ ਦਾ ਵਿਰੋਧ ਕਰਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇਸ਼ ਦਾ ਰਾਜਾ ਸਾਨੂੰ ਹੁਕਮ ਨਹੀਂ ਦੇ ਸਕਦਾ। ਲਿਡੀਆ ਥੋਰਪ ਵਿਕਟੋਰੀਆ ਰਾਜ, ਆਸਟ੍ਰੇਲੀਆ ਤੋਂ ਇੱਕ ਆਜ਼ਾਦ ਸੈਨੇਟਰ ਹਨ। ਉਹ ਬ੍ਰਿਟਿਸ਼ ਰਾਜਸ਼ਾਹੀ ਦੇ ਵਿਰੁੱਧ ਬੋਲਣ ਲਈ ਜਾਣੇ ਜਾਂਦੇ ਹਨ।
2022 ਵਿੱਚ ਸੈਨੇਟਰ ਵਜੋਂ ਸਹੁੰ ਚੁੱਕਦਿਆਂ, ਉਨ੍ਹਾਂ ਨੇ ਬ੍ਰਿਟਿਸ਼ ਰਾਜੇ ਨੂੰ "ਬਸਤੀਵਾਦੀ ਮਹਾਰਾਜ" ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸਹੁੰ ਚੁੱਕਣ ਲਈ ਕਿਹਾ ਗਿਆ।
ਕਿੰਗ ਚਾਰਲਸ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਹਨ। ਇਸ ਦੌਰੇ 'ਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ਵੀ ਉਨ੍ਹਾਂ ਦੇ ਨਾਲ ਹਨ।