ਯੇਰੂਸ਼ਲਮ, 27 ਅਕਤੂਬਰ (ਪੋਸਟ ਬਿਊਰੋ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਬੀਤੇ ਸਾਲ ਹਮਾਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਐਤਵਾਰ ਨੂੰ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦੇ ਭਾਸ਼ਣ 'ਚ ਵਿਘਨ ਪਾ ਦਿੱਤਾ ਅਤੇ 'ਸ਼ੇਮ ਆਨ ਯੂ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਪ੍ਰੋਗਰਾਮ ਦਾ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ।
ਨਾਅਰੇਬਾਜ਼ੀ ਕਰਨ ਵਾਲੇ ਲੋਕ ਹਮਾਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਸਨ। ਦਰਅਸਲ, ਕਈ ਲੋਕ ਨੇਤਨਯਾਹੂ 'ਤੇ ਪਿਛਲੇ ਸਾਲ ਹਮਾਸ ਦੇ ਹਮਲੇ ਨੂੰ ਰੋਕਣ ਵਿਚ ਕਾਮਯਾਬ ਨਾ ਹੋਣ ਦਾ ਦੋਸ਼ ਲਗਾਉਂਦੇ ਹਨ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਹੈ।
ਗਾਜ਼ਾ ਦੇ ਅਲ ਅਕਸਾ ਸ਼ਹੀਦ ਹਸਪਤਾਲ ਦੇ ਬੁਲਾਰੇ ਡਾਕਟਰ ਖਲੀਲ ਅਲ ਦਾਕਰਾਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਉੱਤਰੀ ਗਾਜ਼ਾ 'ਤੇ ਹੋਏ ਹਵਾਈ ਹਮਲੇ 'ਚ ਕਰੀਬ 40 ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਬੀਤ ਲਹੀਆ ਇਲਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ 'ਚ 80 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ।
ਅਲ-ਦਾਕਾਰਨ ਨੇ ਕਿਹਾ ਕਿ ਇਸ ਮਹੀਨੇ ਹੁਣ ਤੱਕ ਇਜ਼ਰਾਇਲੀ ਹਮਲਿਆਂ ਕਾਰਨ ਉੱਤਰੀ ਗਾਜ਼ਾ ਵਿੱਚ 1 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਹ ਅੰਕੜਾ ਹੋਰ ਵਧ ਸਕਦਾ ਹੈ।
ਐਂਬੂਲੈਂਸ ਦੀ ਘਾਟ ਕਾਰਨ ਸਾਰੇ ਲੋਕ ਹਸਪਤਾਲ ਨਹੀਂ ਪਹੁੰਚ ਪਾ ਰਹੇ ਹਨ। ਮੰਤਰਾਲੇ ਮੁਤਾਬਕ ਇਜ਼ਰਾਈਲ ਨੇ ਬੇਘਰੇ ਲੋਕਾਂ ਲਈ 5 ਸ਼ੈਲਟਰ ਹੋਮਜ਼ ਨੂੰ ਵੀ ਨਿਸ਼ਾਨਾ ਬਣਾਇਆ ਹੈ।