* ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਰੂਸ-ਯੂਕਰੇਨ ਜੰਗ ਗੱਲਬਾਤ ਨਾਲ ਹੀ ਰੁਕੇਗੀ, ਭਾਰਤ ਹਰ ਮਦਦ ਲਈ ਤਿਆਰ
ਮਾਸਕੋ, 22 ਅਕਤੂਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਰੂਸ ਦੇ ਕਜ਼ਾਨ ਸ਼ਹਿਰ ਪਹੁੰਚੇ। ਇੱਥੇ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਨੇ ਇੱਕ ਦੂਜੇ ਨੂੰ ਜੱਫੀ ਪਾਈ।
ਪੁਤਿਨ ਨੇ ਕਿਹਾ ਕਿ ਸਾਡੇ ਸਬੰਧ ਇਨੇ ਚੰਗੇ ਹਨ ਕਿ ਤੁਸੀਂ ਬਿਨ੍ਹਾਂ ਅਨੁਵਾਦਕ ਦੇ ਮੇਰੀ ਗੱਲ ਸਮਝਦੇ ਜਾਂਦੇ ਹੋ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਯੁੱਧ 'ਤੇ ਭਾਰਤ ਦਾ ਸਟੈਂਡ ਬਰਕਰਾਰ ਰੱਖਿਆ। ਉਨ੍ਹਾਂ ਕਿਹਾ ਕਿ ਹਰ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਹੋਣਾ ਚਾਹੀਦਾ ਹੈ। ਰੂਸ-ਯੂਕਰੇਨ ਯੁੱਧ ਗੱਲਬਾਤ ਨਾਲ ਹੀ ਰੁਕੇਗਾ। ਭਾਰਤ ਵਿਵਾਦ ਨੂੰ ਸੁਲਝਾਉਣ ਲਈ ਹਰ ਮਦਦ ਦੇਣ ਲਈ ਤਿਆਰ ਹੈ।
ਮੋਦੀ ਨੇ ਕਿਹਾ ਕਿ ਭਾਰਤ ਦੀ ਹਰ ਕੋਸਿ਼ਸ਼ ਮਨੁੱਖਤਾ ਦੇ ਸਮਰਥਨ ਵਿੱਚ ਹੈ। ਅਸੀਂ ਜਲਦੀ ਤੋਂ ਜਲਦੀ ਸ਼ਾਂਤੀ ਬਹਾਲੀ ਚਾਹੁੰਦੇ ਹਾਂ।
ਪੀਐਮ ਮੋਦੀ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਰੂਸ ਗਏ ਹਨ। ਇਸ ਤੋਂ ਪਹਿਲਾਂ ਜਦੋਂ ਉਹ ਜੁਲਾਈ ਵਿਚ ਰੂਸ ਗਏ ਸਨ ਤਾਂ ਉਨ੍ਹਾਂ ਨੇ ਪੁਤਿਨ ਨੂੰ ਸਲਾਹ ਦਿੱਤੀ ਸੀ ਕਿ ਬੰਬਾਂ, ਬੰਦੂਕਾਂ ਅਤੇ ਗੋਲੀਆਂ ਨਾਲ ਸ਼ਾਂਤੀ ਸੰਭਵ ਨਹੀਂ ਹੈ। ਇਸ ਤੋਂ ਬਾਅਦ ਉਹ ਯੂਕਰੇਨ ਦੇ ਦੌਰੇ 'ਤੇ ਵੀ ਗਏ। ਜਿੱਥੇ ਉਨ੍ਹਾਂ ਨੇ ਜ਼ੇਲੇਨਸਕੀ ਨੂੰ ਕਿਹਾ ਸੀ ਕਿ ਮੈਂ ਪੁਤਿਨ ਨਾਲ ਅੱਖਾਂ ਮਿਲਾਕੇ ਕਿਹਾ ਕਿ ਇਹ ਜੰਗ ਦਾ ਸਮਾਂ ਨਹੀਂ ਹੈ।