ਵਾਸਿ਼ੰਗਟਨ, 27 ਅਕਤੂਬਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਸਿਰਫ 8 ਦਿਨ ਬਾਕੀ ਹਨ। ਇਸ ਦੌਰਾਨ ਸ਼ਨੀਵਾਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਮਿਸ਼ੀਗਨ 'ਚ ਕਮਲਾ ਹੈਰਿਸ ਲਈ ਰੈਲੀ ਕੀਤੀ। ਰੈਲੀ ਵਿੱਚ ਮਿਸ਼ੇਲ ਨੇ ਕਮਲਾ ਦਾ ਸਮਰਥਨ ਕੀਤਾ ਅਤੇ ਪੁਰਸ਼ਾਂ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ ਦੀ ਚੁਣੌਤੀ ਦਿੱਤੀ।
ਮਿਸ਼ੇਲ ਨੇ ਪੁਰਸ਼ਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਚੋਣ 'ਚ ਸਹੀ ਢੰਗ ਨਾਲ ਵੋਟ ਨਹੀਂ ਪਾਉਂਦੇ ਤਾਂ ਤੁਹਾਡੀ ਪਤਨੀ, ਬੇਟੀ ਅਤੇ ਮਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਕੀ ਤੁਸੀਂ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ ਕਹਿ ਸਕੋਗੇ ਕਿ ਤੁਹਾਡੇ ਕਾਰਨ ਉਨ੍ਹਾਂ ਦਾ ਮੌਕਾ ਖੋਹ ਲਿਆ ਗਿਆ ਸੀ?
ਜਾਣਕਾਰੀ ਮੁਤਾਬਕ ਅਮਰੀਕਾ ਦੀਆਂ ਬਲੈਕ ਮਹਿਲਾ ਵੋਟਰਾਂ 'ਚ ਮਿਸ਼ੇਲ ਦਾ ਕਾਫੀ ਪ੍ਰਭਾਵ ਹੈ। ਅਜਿਹੇ 'ਚ ਹੈਰਿਸ ਲਈ ਉਨ੍ਹਾਂ ਦਾ ਸਮਰਥਨ ਬਹੁਤ ਜ਼ਰੂਰੀ ਹੈ।
ਰੈਲੀ 'ਚ ਮਿਸ਼ੇਲ ਨੇ ਕਿਹਾ, ਕਮਲਾ ਨੇ ਹਰ ਤਰ੍ਹਾਂ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਤਿਆਰ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਦੇਸ਼ ਤਿਆਰ ਹੈ? ਇਸ ਦੌਰਾਨ ਮਿਸ਼ੇਲ ਕਈ ਥਾਂਈਂ ਜਜ਼ਬਾਤੀ ਵੀ ਹੋਏ।