ਟੋਕੀਓ, 28 ਅਕਤੂਬਰ (ਪੋਸਟ ਬਿਊਰੋ): ਜਾਪਾਨ 'ਚ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ. ਡੀ. ਪੀ.) ਗਠਜੋੜ ਸੰਸਦ 'ਚ ਬਹੁਮਤ ਹਾਸਿਲ ਨਹੀਂ ਕਰ ਸਕਿਆ ਹੈ। ਸਿ਼ੰਜੋ ਆਬੇ ਦੀ ਪਾਰਟੀ ਐੱਲਡੀਪੀ ਨੂੰ ਸਿਰਫ਼ 191 ਸੀਟਾਂ ਮਿਲੀਆਂ ਹਨ ਅਤੇ 65 ਸੀਟਾਂ ਦਾ ਨੁਕਸਾਨ ਹੋਇਆ ਹੈ। ਪਿਛਲੇ 15 ਸਾਲਾਂ ਵਿੱਚ ਪਾਰਟੀ ਦਾ ਇਹ ਸਭ ਤੋਂ ਮਾੜਾ ਨਤੀਜਾ ਹੈ। ਐੱਲਡੀਪੀ ਅਤੇ ਉਸ ਦੇ ਸਹਿਯੋਗੀ ਕੋਮੇਇਟੋ ਨੂੰ ਮਿਲ ਕੇ 215 ਸੀਟਾਂ ਮਿਲੀਆਂ ਹਨ।
ਸਰਕਾਰ ਚਲਾਉਣ ਲਈ ਗਠਜੋੜ ਨੂੰ 233 ਸੀਟਾਂ ਹਾਸਿਲ ਕਰਨੀਆਂ ਪੈਣਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ਗੇਰੂ ਇਸ਼ੀਬਾ ਨੇ ਪਿਛਲੇ ਮਹੀਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਈਸ਼ੀਬਾ ਨੇ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।
ਚੋਣ ਨਤੀਜਿਆਂ ਤੋਂ ਬਾਅਦ ਜਾਪਾਨ ਦੇ ਪੀਐੱਮ ਨੇ ਕਿਹਾ ਕਿ ਚੋਣ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਨਹੀਂ ਰਹੇ ਹਨ। ਜਨਤਾ ਨੇ ਸਖਤ ਫੈਸਲਾ ਦਿੱਤਾ ਹੈ। ਉਹ ਇਸ ਨੂੰ ਨਿਮਰਤਾ ਨਾਲ ਸਵੀਕਾਰ ਕਰ ਰਹੇ ਹਨ, ਪਰ ਫਿਲਹਾਲ ਉਹ ਹੋਰ ਪਾਰਟੀਆਂ ਨੂੰ ਜੋੜਨ ਦੀ ਕੋਸਿ਼ਸ਼ ਨਹੀਂ ਕਰ ਰਹੇ ਹਨ।
ਚੋਣਾਂ ਤੋਂ ਪਹਿਲਾਂ ਜਾਪਾਨੀ ਮੀਡੀਆ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਜੇਕਰ ਐੱਲਡੀਪੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਪ੍ਰਧਾਨ ਮੰਤਰੀ ਇਸ਼ੀਬਾ ਅਹੁਦਾ ਛੱਡ ਸਕਦੇ ਹਨ। ਜੇਕਰ ਅਜਿਹਾ ਹੁੰਦਾ ਤਾਂ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਘੱਟ ਸਮੇਂ ਲਈ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨ ਵਾਲੇ ਵਿਅਕਤੀ ਬਣ ਜਾਂਦੇ। ਹਾਲਾਂਕਿ, ਇਸ਼ੀਬਾ ਨੇ ਕਿਹਾ ਕਿ ਉਹ ਅਹੁਦੇ 'ਤੇ ਬਣੇ ਰਹਿਣਗੇ।