ਇਸਲਾਮਾਬਾਦ, 30 ਜੁਲਾਈ (ਪੋਸਟ ਬਿਊਰੋ): ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਇਕ ਏਅਰ ਹੋਸਟਸ ਸ਼ੁੱਕਰਵਾਰ ਨੂੰ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਦੀ ਫੜ੍ਹੀ ਗਈ। ਏਅਰ ਹੋਸਟਸ ਨੇ ਆਪਣੀਆਂ ਜੁਰਾਬਾਂ ਵਿੱਚ ਬਹੁਤ ਸਾਰੇ ਅਮਰੀਕੀ ਡਾਲਰ ਅਤੇ ਸਾਊਦੀ ਰਿਆਲ ਛੁਪਾਏ ਹੋਏ ਸਨ।
ਇਸ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਜਾਂਚ ਏਜੰਸੀ ਦਾ ਕਰਮਚਾਰੀ ਏਅਰ ਹੋਸਟਸ ਦੀਆਂ ਜੁਰਾਬਾਂ 'ਚੋਂ ਇਹ ਕਰੰਸੀ ਕੱਢ ਰਿਹਾ ਹੈ। ਇਸ ਦੀ ਕੀਮਤ ਲੱਖਾਂ ਪਾਕਿਸਤਾਨੀ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਏਅਰ ਹੋਸਟਸ ਨੂੰ ਸ਼ਨੀਵਾਰ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਡਿਪਟੀ ਕਲੈਕਟਰ ਕਸਟਮ ਰਾਜਾ ਬਿਲਾਲ ਨੇ ਦੱਸਿਆ ਕਿ ਏਅਰ ਹੋਸਟੈਸ ਤੋਂ 1,40,000 ਸਾਊਦੀ ਰਿਆਲ ਬਰਾਮਦ ਕੀਤੇ ਗਏ ਹਨ। ਪਾਕਿਸਤਾਨੀ ਰੁਪਏ 'ਚ ਇਸ ਦੀ ਕੀਮਤ ਕਰੀਬ 1 ਕਰੋੜ 4 ਲੱਖ ਰੁਪਏ ਹੈ।
ਡਿਪਟੀ ਕਲੈਕਟਰ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਏਅਰ ਹੋਸਟਸ ਨੂੰ ਜਹਾਜ਼ ਤੋਂ ਉਤਾਰਿਆ ਗਿਆ। ਇਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ। ਏਅਰ ਹੋਸਟਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਟੀਮ ਨੂੰ ਸੌਂਪ ਦਿੱਤਾ ਗਿਆ ਹੈ।