ਸੇਂਟ ਜਾਰਜ, 3 ਜੁਲਾਈ (ਪੋਸਟ ਬਿਊਰੋ): ਦੱਖਣ-ਪੂਰਬੀ ਕੈਰੇਬੀਅਨ ਟਾਪੂਆਂ 'ਚ ਤਬਾਹੀ ਮਚਾਉਣ ਤੋਂ ਬਾਅਦ ਤੂਫਾਨ 'ਬੇਰਿਲ' ਹੁਣ ਜਮਾਇਕਾ ਵੱਲ ਵਧ ਰਿਹਾ ਹੈ। ਤੂਫ਼ਾਨ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਜਮੈਕਾ, ਗ੍ਰੈਂਡ ਕੇਮੈਨ, ਲਿਟਲ ਕੇਮੈਨ ਅਤੇ ਕੇਮੈਨ ਬ੍ਰੈਕ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬੇਰੀਲ ਦੀ ਤੀਬਰਤਾ ਘੱਟ ਰਹੀ ਹੈ ਪਰ ਇਹ ਤੂਫਾਨ ਬੁੱਧਵਾਰ ਤੜਕੇ ਜਮਾਇਕਾ, ਵੀਰਵਾਰ ਨੂੰ ਕੇਮੈਨ ਟਾਪੂ ਅਤੇ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਯੂਕਾਟਨ ਪ੍ਰਾਇਦੀਪ ਦੇ ਨੇੜੇ ਤੋਂ ਲੰਘਣ ਕਾਰਨ ਸ਼ਕਤੀਸ਼ਾਲੀ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਬੇਰਿਲ ਸੋਮਵਾਰ ਦੇਰ ਸ਼ਾਮ ਨੂੰ 270 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੇ ਤੂਫਾਨ ਸ਼੍ਰੇਣੀ-ਪੰਜ ਵਿੱਚ ਮਜ਼ਬੂਤ ਹੋਇਆ। ਇਸ ਤੋਂ ਬਾਅਦ ਇਹ ਸ਼੍ਰੇਣੀ ਚਾਰ ਦੇ ਤੂਫਾਨ ਦੇ ਰੂਪ 'ਚ ਥੋੜ੍ਹਾ ਕਮਜ਼ੋਰ ਹੋ ਗਿਆ ਪਰ ਹਾਲੇੇ ਵੀ ਮਜ਼ਬੂਤ ਹੈ। ਮੰਗਲਵਾਰ ਰਾਤ ਨੂੰ ਇਹ ਤੂਫਾਨ ਜਮਾਇਕਾ ਦੇ ਕਿੰਗਸਟਨ ਤੋਂ ਲਗਭਗ 480 ਕਿਲੋਮੀਟਰ ਪੂਰਬ-ਦੱਖਣੀ-ਪੂਰਬ ਵੱਲ ਸੀ। ਬੇਰਿਲ ਤੋਂ ਜਮਾਇਕਾ ਵਿੱਚ ਖ਼ਤਰਨਾਕ ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਆਉਣ ਦੀ ਸੰਭਾਵਨਾ ਹੈ ਅਤੇ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ।