ਬ੍ਰਿਟਿਸ਼ ਕੋਲੰਬੀਆ, 10 ਜੂਨ (ਪੋਸਟ ਬਿਊਰੋ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਭਾਰਤੀ ਮੂਲ ਦੇ 28 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਯੂਨਿਟ ਨੇ ਮ੍ਰਿਤਕ ਨੌਜਵਾਨ ਦੀ ਪਹਿਚਾਣ ਯੁਵਰਾਜ ਗੋਇਲ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਰੀ 'ਚ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਉੱਥੇ ਗੋਇਲ ਦੀ ਲਾਸ਼ ਮਿਲੀ।
ਮ੍ਰਿਤਕ ਦੀ ਭੈਣ ਚਾਰੂ ਸਿੰਘਲਾ ਦੱਸਿਆ ਕਿ ਉਸ ਦਾ ਭਰਾ ਸਰੀ ਵਿੱਚ ਕਾਰਾਂ ਵੇਚਣ ਵਾਲੇ ਇੱਕ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਹੀਂ ਪਤਾ ਕਿ ਉਸਦਾ ਦਾ ਕਤਲ ਕਿਉਂ ਕੀਤਾ ਗਿਆ। ਗੋਇਲ ਦੀ ਭੈਣ ਦੇ ਪਤੀ ਬਾਵਨਦੀਪ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਪਹਿਲਾਂ ਯੁਵਰਾਜ ਭਾਰਤ 'ਚ ਰਹਿ ਰਹੀ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। "ਉਹ ਜਿੰਮ ਤੋਂ ਵਾਪਿਸ ਆਇਆ ਅਤੇ ਜਿਵੇਂ ਹੀ ਉਹ ਆਪਣੀ ਕਾਰ ਤੋਂ ਬਾਹਰ ਨਿਕਲਿਆ, ਉਸਨੂੰ ਗੋਲੀ ਮਾਰ ਦਿੱਤੀ ਗਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।