ਓਟਵਾ, 24 ਨਵੰਬਰ (ਪੋਸਟ ਬਿਊਰੋ) : ਜ਼ਬਰਦਸਤ ਹਾਦਸੇ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦਰਮਿਆਨ ਬੰਦ ਹੋਏ ਰੇਨਬੋਅ ਬ੍ਰਿੱਜ ਉੱਤੇ ਆਵਾਜਾਈ ਵੀਰਵਾਰ ਰਾਤ ਨੂੰ ਖੁੱਲ੍ਹ ਗਈ। ਇਸ ਹਾਦਸੇ ਵਿੱਚ ਦੋ ਲੋਕ ਮਾਰੇ ਗਏ ਸਨ।
ਇਹ ਪੁਲ ਕੈਨੇਡਾ ਤੇ ਅਮਰੀਕਾ ਦਰਮਿਆਨ ਬਹੁਤ ਮਸ਼ਰੂਫ ਰਹਿਣ ਵਾਲਾ ਪੁਲ ਹੈ, ਜਿਸ ਨੂੰ ਅਮਰੀਕਾ ਵਾਲੇ ਪਾਸੇ ਤੇਜ਼ ਰਫਤਾਰ ਗੱਡੀ ਨੂੰ ਪੇਸ਼ ਆਏ ਹਾਦਸੇ ਕਾਰਨ ਬੰਦ ਕਰਨਾ ਪਿਆ। ਇਹ ਗੱਡੀ ਤੇਜ਼ ਰਫਤਾਰ ਕਾਰਨ ਡਰਾਈਵਰ ਵੱਲੋਂ ਨਿਯੰਤਰਣ ਗਵਾਏ ਜਾਣ ਤੋਂ ਬਾਅਦ ਹਵਾ ਵਿੱਚ ਉੱਡੀ ਤੇ ਉਸ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਇਹ ਘਟਨਾ ਬੁੱਧਵਾਰ ਨੂੰ ਸਵੇਰੇ 11:30 ਵਜੇ ਵਾਪਰੀ। ਐਫਬੀਆਈ ਵੱਲੋਂ ਇਸ ਘਟਨਾ ਨੂੰ ਅੱਤਵਾਦ ਨਾਲ ਸਬੰਧਤ ਨਹੀਂ ਦੱਸਿਆ ਜਾ ਰਿਹਾ ਹੈ ਨਾ ਹੀ ਗੱਡੀ ਦੇ ਮਲਬੇ ਵਿੱਚੋਂ ਕੋਈ ਧਮਾਕਾਖੇਜ਼ ਸਮੱਗਰੀ ਹੀ ਮਿਲੀ।
ਇਸ ਮਾਮਲੇ ਨੂੰ ਨਾਇਗਰਾ ਫਾਲਜ਼ ਪੁਲਿਸ ਡਿਪਾਰਟਮੈਂਟ ਹਵਾਲੇ ਟਰੈਫਿਕ ਜਾਂਚ ਵਜੋਂ ਕਰ ਦਿੱਤਾ ਗਿਆ ਹੈ। ਇੱਕ ਬਿਆਨ ਵਿੱਚ ਨਾਇਗਰਾ ਫਾਲਜ਼ ਦੇ ਪੁਲਿਸ ਸੁਪਰਡੈਂਟ ਜੌਹਨ ਫਾਸੋ ਨੇ ਹਾਦਸੇ ਨੂੰ ਤ੍ਰਾਸਦਿਕ ਘਟਨਾ ਦੱਸਿਆ ਹੈ।ਇਸ ਜਾਂਚ ਨੂੰ ਮੁਕੰਮਲ ਹੋਣ ਵਿੱਚ ਸਮਾਂ ਲੱਗੇਗਾ।