ਲੰਡਨ, 18 ਸਤੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਡਰਾਈਵਰ ਨੇ ਇਕ ਔਰਤ ਨਾਲ ਬੁਰਾ ਵਿਵਹਾਰ ਕੀਤਾ ਹੈ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ। ਦਰਅਸਲ, ਲੰਡਨ ਵਿਚ ਇਕ ਔਰਤ ਨੇ ਨਵਾਜ਼ ਦੀ ਕਾਰ ਨੂੰ ਰਾਹ ਵਿਚ ਰੋਕਿਆ ਅਤੇ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ, ਜਿਸ ਕਾਰਨ ਨਵਾਜ਼ ਦੇ ਡਰਾਈਵਰ ਨੇ ਔਰਤ ਦੇ ਮੂੰਹ 'ਤੇ ਥੁੱਕ ਦਿੱਤਾ।
ਜਾਣਕਾਰੀ ਮੁਤਾਬਕ ਲੰਡਨ ਵਿਚ ਔਰਤ ਨੇ ਨਵਾਜ਼ ਦੀ ਉਸ ਕਾਰ ਵੱਲ ਰੁਕਣ ਲਈ ਹੱਥ ਹਿਲਾ ਦਿੱਤਾ, ਜਿਸ ਵਿਚ ਉਹ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਸਫਰ ਕਰ ਰਹੇ ਸਨ। ਉਸ ਦਾ ਡਰਾਈਵਰ ਕਾਰ ਚਲਾ ਰਿਹਾ ਸੀ। ਇਸ ਦੌਰਾਨ ਇਕ ਔਰਤ ਨੇ ਆਪਣੇ ਮੋਬਾਈਲ ਫੋਨ 'ਤੇ ਘਟਨਾ ਦੀ ਰਿਕਾਰਡਿੰਗ ਕਰਦੇ ਹੋਏ ਉੱਥੇ ਪਹੁੰਚ ਕੇ ਨਵਾਜ਼ ਸ਼ਰੀਫ ਨੂੰ ਪੁੱਛਿਆ ਕਿ ਕੀ ਉਹ ਭ੍ਰਿਸ਼ਟ ਹਨ? ਇਸ ਤੋਂ ਬਾਅਦ ਡਰਾਈਵਰ ਨੇ ਕਾਰ ਵਿਚੋਂ ਆਪਣਾ ਸਿਰ ਕੱਢਿਆ, ਔਰਤ ਦੇ ਮੂੰਹ 'ਤੇ ਥੁੱਕਿਆ, ਖਿੜਕੀ ਦਾ ਸ਼ੀਸ਼ਾ ਉਪਰ ਕੀਤਾ ਅਤੇ ਅੱਗੇ ਵਧ ਗਿਆ।
ਡਾਕਟਰ ਫਾਤਿਮਾ ਨਾਮ ਦੇ ਯੂਜ਼ਰ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਹੈਂਡਲ ਟਵਿੱਟਰ 'ਤੇ ਪੋਸਟ ਕੀਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਨਵਾਜ਼ ਦੀ ਕਾਰ ਨੂੰ ਰੋਕਦੀ ਹੈ ਅਤੇ ਉਨ੍ਹਾਂ ਤੋਂ ਪੁੱਛਦੀ ਹੈ ਕਿ ਕੀ ਉਹ ਪਾਕਿਸਤਾਨ ਦਾ ਭ੍ਰਿਸ਼ਟ ਨੇਤਾ ਹਨ? ਇਸ 'ਤੇ ਉਨ੍ਹਾਂ ਦਾ ਡਰਾਈਵਰ ਔਰਤ 'ਤੇ ਥੁੱਕਦਾ ਹੈ ਅਤੇ ਕਾਰ ਭਜਾ ਦਿੰਦਾ ਹੈ।