ਨਿਊਯਾਰਕ, 18 ਸਤੰਬਰ (ਪੋਸਟ ਬਿਊਰੋ): ਇੱਕ ਵਾਰ ਫਿਰ ਅਮਰੀਕਾ ਦੇ ਅਸਮਾਨ ਵਿਚ ਦੋ ਜਹਾਜ਼ਾਂ ਦੇ ਟਕਰਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਮਰੀਕਾ ਦੇ ਨੇਵਾਡਾ ਸੂਬੇ ਦੇ ਰੇਨੋ ਵਿਚ ਇੱਕ ਏਅਰ ਸ਼ੋਅ ਚੱਲ ਰਿਹਾ ਸੀ। ਅਸਮਾਨ ਵਿਚ ਜਹਾਜ਼ਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨਾਂ ਪਾਇਲਟਾਂ ਦੀ ਮੌਤ ਦੇ ਨਾਲ-ਨਾਲ ਜਹਾਜ਼ਾਂ ਦਾ ਮਲਬਾ ਕਈ ਕਿਲੋਮੀਟਰ ਦੇ ਘੇਰੇ ਵਿਚ ਫੈਲ ਗਿਆ। ਘਟਨਾ ਤੋਂ ਬਾਅਦ ਪੂਰਾ ਏਅਰ ਸ਼ੋਅ ਤੁਰੰਤ ਰੱਦ ਕਰਨਾ ਪਿਆ।
ਅਮਰੀਕਾ ਦੇ ਨੇਵਾਡਾ ਸੂਬੇ ਦੇ ਰੇਨੋ ਵਿਚ ਆਯੋਜਿਤ ਨੈਸ਼ਨਲ ਚੈਂਪੀਅਨਸਿ਼ਪ ਏਅਰ ਰੇਸ ਐਂਡ ਏਅਰ ਸ਼ੋਅ ਦੌਰਾਨ ਅਸਮਾਨ ਵਿਚ ਦੋ ਜਹਾਜ਼ ਆਪਸ ਵਿਚ ਟਕਰਾ ਗਏ। ਜਹਾਜ਼ਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ਾਂ ਦੇ ਹਿੱਸੇ ਕਰੀਬ ਡੇਢ ਮੀਲ ਤੱਕ ਆਲੇ-ਦੁਆਲੇ ਦੇ ਖੇਤਰ ਵਿਚ ਖਿੱਲਰ ਗਏ। ਇਸ ਜਹਾਜ਼ ਹਾਦਸੇ ਵਿਚ ਦੋਨਾਂ ਪਾਇਲਟਾਂ ਦੀ ਜਾਨ ਚਲੀ ਗਈ। ਰੇਨੋ ਏਅਰ ਰੇਸਿੰਗ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਐਤਵਾਰ ਦੁਪਹਿਰ ਕਰੀਬ 2.15 ਵਜੇ ਟੀ-6 ਗੋਲਡ ਰੇਸ ਦੇ ਅੰਤ 'ਚ ਲੈਂਡਿੰਗ ਦੌਰਾਨ ਦੋ ਜਹਾਜ਼ ਇਕ-ਦੂਜੇ ਨਾਲ ਟਕਰਾ ਗਏ। ਹਾਦਸੇ ਵਿਚ ਦੋਨਾਂ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਅਸਮਾਨ ਵਿਚ ਏਅਰ ਸ਼ੋਅ ਦੌਰਾਨ ਸਟੰਟ ਕਰਦੇ ਹੋਏ ਦੋਵੇਂ ਜਹਾਜ਼ ਇਕ-ਦੂਜੇ ਨਾਲ ਟਕਰਾ ਗਏ। ਦੋਵੇਂ ਪਾਇਲਟ ਬਹੁਤ ਹੀ ਹੁਨਰਮੰਦ ਪਾਇਲਟ ਸਨ ਅਤੇ ਟੀ-6 ਕਲਾਸ ਵਿਚ ਗੋਲਡ ਜੇਤੂ ਸਨ। ਦੋਵਾਂ ਪਾਇਲਟਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਏਅਰ ਸ਼ੋਅ ਨੂੰ ਜਲਦਬਾਜ਼ੀ ਵਿਚ ਰੱਦ ਕਰ ਦਿੱਤਾ ਗਿਆ। ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇਸ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ਾਂ ਦੇ ਮਲਬੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।