ਬ੍ਰਾਜੀਲੀਆ, 17 ਸਤੰਬਰ (ਪੋਸਟ ਬਿਊਰੋ): ਬ੍ਰਾਜ਼ੀਲ ਵਿਚ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ ਵਿਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਿਲ ਹਨ। ਸਾਰੇ ਯਾਤਰੀ ਬਾਰਸੀਲੋਸ ਵਿੱਚ ਮੱਛੀਆਂ ਫੜ੍ਹਨ ਜਾ ਰਹੇ ਸਨ।
ਇਹ ਹਾਦਸਾ ਅਮੇਜੋਨਾਸ ਦੀ ਰਾਜਧਾਨੀ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ।
ਨੈਸ਼ਨਲ ਸਿਵਲ ਏਵੀਏਸ਼ਨ ਏਜੰਸੀ ਅਨੁਸਾਰ, 18 ਯਾਤਰੀਆਂ ਦੀ ਸਮਰੱਥਾ ਵਾਲਾ ਈ.ਐੱਮ.ਬੀ.-110 ਨਾਮ ਦਾ ਇਹ ਜਹਾਜ਼ ਮਾਨੋਸ ਟੈਕਸੀ ਏਰੀਓ ਨਾਮਕ ਕੰਪਨੀ ਦਾ ਸੀ। ਇਹ ਜਹਾਜ਼ ਮਾਨੌਸ ਤੋਂ ਬਾਰਸੀਲੋਸ ਜਾ ਰਿਹਾ ਸੀ। ਇਹ 90 ਮਿੰਟ ਦੀ ਉਡਾਨ ਸੀ। ਕੰਪਨੀ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।