ਸਕਿਨ ਦੀ ਤਰ੍ਹਾਂ ਬੁੱਲ੍ਹਾਂ ਉੱਤੇ ਵੀ ਪਿਗਮੈਂਟੇਸ਼ਨ ਹੋ ਸਕਦਾ ਹੈ ਜਿਸ ਕਾਰਨ ਬੁੱਲ੍ਹਾਂ ਦਾ ਰੰਗ ਗਹਿਰਾ ਹੋ ਜਾਂਦਾ ਹੈ। ਬੁੱਲ੍ਹਾਂ ਉੱਤੇ ਪਿਗਮੈਂਟੇਸ਼ਨ ਦੇ ਕਈ ਕਾਰਨ ਹਨ ਜਿਵੇਂ ਧੁੱਪ ਵਿੱਚ ਜ਼ਿਆਦਾ ਰਹਿਣਾ, ਸਿਗਰਟ ਜਾਂ ਤੰਬਾਕੂ ਦੀ ਵਰਤੋਂ ਕਰਨੀ, ਕੌਫੀ ਦੀ ਜ਼ਿਆਦਾ ਵਰਤੋਂ ਕਰਨਾ, ਬੁੱਲ੍ਹ ਖੁਸ਼ਕ ਰਹਿਣਾ, ਵਾਰ-ਵਾਰ ਬੁੱਲ੍ਹਾਂ ਉੱਤੇ ਜੀਭ ਫੇਰਨਾ, ਐਕਸਪਾਇਰ ਡੇਟ ਹੋਣ ਦੇ ਬਾਅਦ ਵੀ ਬਿਊਟੀ ਪ੍ਰੋਡਕਟ ਦੀ ਵਰਤੋਂ ਕਰਨਾ ਆਦਿ। ਗੁਲਾਬੀਪਨ ਲਿਆਉਣ ਲਈ ਘਰੇਲੂ ਇਲਾਜ ਦਾ ਸਹਾਰਾ ਲਿਆ ਜਾ ਸਕਦਾ ਹੈ, ਪੇਸ਼ ਕੁਝ ਸੁਝਾਅ।
*ਛੋਟੀ ਕਟੋਰੀ ਵਿੱਚ ਡੇਢ ਚਮਚ ਤਾਜ਼ਾ ਨਿੰਬੂ ਦਾ ਰਸ, ਇੱਕ ਚਮਚ ਸ਼ਹਿਦ, ਇੱਕ ਚਮਚ ਗਲਿਸਰੀਨ ਮਿਲਾਓ। ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਬੁੱਲ੍ਹਾਂ ਉੱਤੇ ਲਾਓ। ਸਵੇਰੇ ਉਠ ਕੇ ਧੋ ਲਓ। ਇਸ ਪ੍ਰਕਿਰਿਆ ਨੂੰ ਰੋਜ਼ਾਨਾ ਦੋਹਰਾਓ।
*ਕਟੋਰੀ ਵਿੱਚ ਵੱਡਾ ਚਮਚ ਅਨਾਰ ਦੇ ਦਾਣੇ, ਇੱਕ ਛੋਟਾ ਚਮਚ ਗੁਲਾਬ ਜਲ, ਇੱਕ ਵੱਡਾ ਚਮਚ ਕਰੀਮ ਮਿਲਾ ਕੇ ਪੇਸਟ ਤਿਆਰ ਕਰੋ। ਪੇਸਟ ਨੂੰ ਬੁੱਲ੍ਹਾਂ ਉੱਤੇ ਲਾ ਕੇ ਲਗਭਗ ਤਿੰਨ-ਚਾਰ ਮਿੰਟ ਤੱਕ ਹੌਲੀ-ਹੌਲੀ ਮਾਲਿਸ਼ ਕਰੋ, ਫਿਰ ਠੰਢੇ ਪਾਣੀ ਨਾਲ ਧੋ ਲਓ। ਇਸ ਪ੍ਰਕਿਰਿਆ ਨੂੰ ਰੋਜ਼ਾਨਾ ਦੋਹਰਾਓ।
*ਬਾਉਲ ਵਿੱਚ ਵੱਡਾ ਚਮਚ ਦੁੱਧ ਤੇ ਹਲਦੀ ਪਾਊਡਰ ਮਿਲਾਓ। ਪੇਸਟ ਤਿਆਰ ਹੋ ਜਾਏ ਤਾਂ ਉਸ ਨੂੰ ਉਂਗਲਾਂ ਨਾਲ ਬੁੱਲ੍ਹਾਂ ਉੱਤੇ ਮਲੋ ਅਤੇ ਲਗਭਗ ਪੰਜ-ਸੱਤ ਮਿੰਟ ਲਈ ਲੱਗਾ ਰਹਿਣ ਦਿਓ। ਫਿਰ ਠੰਢੇ ਪਾਣੀ ਨਾਲ ਧੋ ਲਓ।
*ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਲਓ ਅਤੇ ਉਨ੍ਹਾਂ ਨੂੰ ਹੌਲੀ-ਹੌਲੀ ਬੁੱਲ੍ਹਾਂ ਉੱਤੇ ਇੱਕੋ ਜਿਹਾ ਲਗਾਓ। ਦਿਨ ਵਿੱਚ ਦੋ-ਤਿੰਨ ਵਾਰ ਇਸੇ ਤਰ੍ਹਾਂ ਤੇਲ ਲਾਓ ਤੇ ਮਾਲਿਸ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਬੁੱਲ੍ਹ ਵੀ ਮੁਲਾਇਮ ਰਹਿਣਗੇ ਅਤੇ ਉਨ੍ਹਾਂ ਦੀ ਰੰਗਤ ਵੀ ਨਿਖਰੇਗੀ।
* ਚੁਕੰਦਰ ਨੂੰ ਬਰੀਕ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਬੁੱਲ੍ਹਾਂ ਉੱਤੇ ਲਾ ਕੇ ਪੰਜ ਤੋਂ 10 ਮਿੰਟ ਲਈ ਛੱਡ ਦਿਓ, ਫਿਰ ਧੋ ਲਓ। ਬੁੱਲ੍ਹ ਸੁਕਾ ਕੇ ਪੈਟਰੋਲੀਅਮ ਜੈਲੀ ਦੀ ਇੱਕ ਪਤਲੀ ਪਰਤ ਲਾਓ। ਇਸ ਪ੍ਰਕਿਰਿਆ ਨੂੰ ਹਫਤੇ ਵਿੱਚ ਦੋ ਵਾਰ ਦੋਹਰਾਓ।
*ਬੁੱਲ੍ਹਾਂ ਉੱਤੇ ਤਾਜ਼ਾ ਐਲੋਵੇਰਾ ਜੈੱਲ ਦੀ ਇੱਕ ਪਤਲੀ ਪਰਤ ਲਾਓ। ਜਦ ਇਹ ਸੁੱਕ ਜਾਏ ਤਾਂ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਹਫਤੇ ਵਿੱਚ ਇੱਕ ਵਾਰ ਇਸ ਪ੍ਰਕਿਰਿਆ ਨੂੰ ਦੋਹਰਾਓ।
*ਅੱਧੇ ਖੀਰੇ ਨੂੰ ਪੀਸ ਕੇ ਰਸ ਕੱਢ ਲਓ। ਰਸ ਦੀ ਫਰਿਜ ਵਿੱਚ ਠੰਢਾ ਕਰੋ ਅਤੇ ਠੰਢਾ ਹੋਣ ਉੱਤੇ ਰੂੰ ਦੀ ਮਦਦ ਨਾਲ ਬੁੱਲ੍ਹਾਂ ਉੱਤੇ ਲਾਓ। ਲਗਭਗ ਤੀਹ ਮਿੰਟ ਲਈ ਲਗਾ ਕੇ ਛੱਡ ਦਿਓ ਫਿਰ ਠੰਢੇ ਪਾਣੀ ਨਾਲ ਧੋ ਲਓ। ਖੀਰੇ ਦੇ ਰਸ ਨੂੰ ਆਈਸ ਕਿਊਬ ਦੇ ਤੌਰ ਉੱਤੇ ਜਮਾ ਕੇ ਵੀ ਇਸਤੇਮਾਲ ਕਰ ਸਕਦੇ ਹੋ।
*ਦੋ ਬੂੰਦਾਂ ਗੁਲਾਬ ਜਲ ਵਿੱਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾਓ। ਇਸ ਮਿਸ਼ਰਣ ਨੂੰ ਬੁੱਲ੍ਹਾਂ ਉੱਤੇ ਦਿਨ ਵਿੱਚ ਤਿੰਨ-ਚਾਰ ਵਾਰ ਲਾਓ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਲਗਾ ਸਕਦੇ ਹੋ।
*ਚਾਰ-ਪੰਜ ਕ੍ਰਸ ਕੀਤੀ ਮੱਧਮ ਆਕਾਰ ਦੀ ਸਟ੍ਰਾਅਬੇਰੀ ਅਤੇ ਦੋ ਚਮਚ ਬੇਕਿੰਗ ਸੋਡੇ ਨੂੰ ਇਕੱਠੇ ਮਿਲਾ ਕੇ ਪੇਸਟ ਬਣ ਲਓ। ਇਸ ਪੇਸਟ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ ਉੱਤੇ ਲਗਾਓ। ਸਵੇਰੇ ਠੰਢੇ ਪਾਣੀ ਨਾਲ ਧੋ ਲਓ।