ਮਸਾਲੇਦਾਰ ਚਟਣੀ ਬਣਾਉਣ ਲਈ ਵਰਤਿਆ ਜਾਣ ਵਾਲਾ ਧਨੀਆ ਸੁੰਦਰਤਾ ਵਧਾਉਣ ਲਈ ਫਾਇਦੇਮੰਦ ਹੋ ਸਕਦਾ ਹੈ? ਹਾਂ ਜੀ, ਰਸੋਈ ਵਿੱਚ ਵਰਤਿਆ ਜਾਣ ਵਾਲਾ ਇਹ ਧਨੀਆ ਅਸਲ ਵਿੱਚ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਦੀ ਦੇਖਭਾਲ ਲਈ ਬਹੁਤ ਫਾਇਦੇਮੰਦ ਹੈ। ਧਨੀਆ ਦੀਆਂ ਪੱਤੀਆਂ ਦੀ ਵਰਤੋਂ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਚਮੜੀ ਤੇ ਕਿੱਲਾਂ ਤੇ ਛਾਈਆਂ ਨੂੰ ਵੀ ਦੂਰ ਰੱਖ ਸਕਦਾ ਹੈ। ਆਓ ਜਾਣਦੇ ਹਾਂ ਚਿਹਰੇ ਦੀ ਚਮੜੀ ਨੂੰ ਦਾਗ ਰਹਿਤ ਬਣਾਉਣ ਲਈ ਅਸੀਂ ਧਨੀਏ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।
* ਸਭ ਤੋਂ ਪਹਿਲਾਂ ਧਨੀਏ ਨੂੰ ਸਾਫ ਕਰ ਕੇ ਉਸ ਨੂੰ ਹਲਕਾ ਜਿਹਾ ਪੀਸ ਲਓ। ਇੱਕ ਕਟੋਰੀ ਵਿੱਚ ਪੀਸਿਆ ਹੋਇਆ ਧਨੀਆ, ਨਿੰਬੂ ਦਾ ਰਸ ਤੇ ਸ਼ਹਿਦ ਮਿਲਾ ਕੇ ਚਿਹਰੇ ਨੂੰ ਹਲਕੇ ਹੱਥਾਂ ਨਾਲ ਰਗੜੋ। ਦੋ ਤੋਂ ਤਿੰਨ ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਮਰੀ ਹੋਈ ਚਮੜੀ ਆਸਾਨੀ ਨਾਲ ਉਤਰ ਜਾਵੇਗੀ। ਇਸ ਨਾਲ ਹੀ ਕਾਲੇ ਦਾਗ ਦੀ ਸਮੱਸਿਆ ਵੀ ਘੱਟ ਹੋਵੇਗੀ।
* ਧਨੀਏ ਦੀ ਬੀਜਾਂ ਨੂੰ ਇੱਕ ਕਟੋਰੀ ਪਾਣੀ ਵਿੱਚ ਰਾਤ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਪਾਣੀ ਨੂੰ ਫਿਲਟਰ ਕਰ ਕੇ ਇੱਕ ਸਪਰੇਅ ਦੀ ਬੋਤਲ ਵਿੱਚ ਭਰ ਲਓ। ਧਨੀਏ ਦੇ ਬੀਜਾਂ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਮਿਲ ਜਾਂਦੇ ਹਨ ਜਿਸ ਨਾਲ ਚਮੜੀ ਨੂੰ ਕਈ ਤਰ੍ਹਾਂ ਨਾਲ ਫਾਇਦਾ ਮਿਲਦਾ ਹੈ।
* ਇੱਕ ਮੁੱਠੀ ਧਨੀਏ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਸਾਫ ਕਰ ਲਓ। ਪੱਤਿਆਂ ਨੂੰ ਮਿਕਸਰ ਵਿੱਚ ਪਾ ਕੇ ਦੁੱਧ ਦੀ ਮਦਦ ਨਾਲ ਪੀਸ ਲਓ। ਇਸ ਪੇਸਟ ਨੂੰ ਕਟੋਰੀ ਵਿੱਚ ਕੱਢ ਲਓ ਤੇ ਇਸ ਵਿੱਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਆਪਣੇ ਚਿਹਰੇ ਉੱਤੇ ਲਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ। ਇਹ ਚਿਹਰੇ ਦੀ ਮਰੀ ਹੋਈ ਚਮੜੀ ਹਟਾ ਕੇ ਚੰਗੀ ਤਰ੍ਹਾਂ ਸਾਫ ਕਰਦਾ ਅਤੇ ਚਿਹਰੇ ਉੱਤੇ ਚਮਕ ਆਉਂਦੀ ਹੈ।
* ਧਨੀਏ ਦੇ ਬੀਜਾਂ ਦਾ ਫੇਸਪੈਕ ਬਣਾਉਣ ਲਈ ਭਿੱਜੇ ਹੋਏ ਧਨੀਏ ਦੇ ਬੀਜਾਂ ਨੂੰ ਪੀਸ ਕੇ ਇੱਕ ਕਟੋਰੀ ਵਿੱਚ ਐਲੋਵੇਰਾ ਜੈਲ ਨਾਲ ਮਿਕਸ ਕਰੋ। ਇਸ ਨੂੰ ਆਪਣੇ ਚਿਹਰੇ ਉੱਤੇ 15 ਮਿੰਟ ਲਈ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।