Welcome to Canadian Punjabi Post
Follow us on

29

April 2025
 
ਨਜਰਰੀਆ

ਰੀਤੀ ਰਿਵਾਜ ਬਨਾਮ ਫੋਕੀ ਸ਼ੋਹਰਤ

October 26, 2018 08:58 AM

-ਹਰਦੀਪ ਸਿੰਘ ਝੱਜ
ਖੁਸ਼ੀ ਅਤੇ ਗਮ ਜ਼ਿੰਦਗੀ ਦਾ ਅਟੁੱਟ ਅੰਗ ਹਨ। ਇਹ ਦੋਵੇਂ ਮੌਕੇ ਵਾਰ-ਵਾਰ ਆਉਂਦੇ ਰਹਿੰਦੇ ਹਨ। ਸਮਾਜ ਵਿੱਚ ਵਿਚਰਦਿਆਂ ਖੁਸ਼ੀਆਂ ਗਮੀਆਂ ਦੇ ਮੌਕਿਆਂ ਨੂੰ ਸੰਪੂਰਨ ਕਰਨ ਲਈ ਕਈ ਰਸਮਾਂ ਅਦਾ ਕਰਨੀਆਂ ਪੈਂਦੀਆਂ ਹਨ। ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਲੋਕ ਇਨ੍ਹਾਂ ਰਸਮਾਂ ਨੂੰ ਨਿਭਾ ਰਹੇ ਹਨ। ਇਹ ਰੀਤੀ ਰਿਵਾਜ, ਰਸਮਾਂ ਸਾਡੀ ਵਿਰਾਸਤ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਚੱਲ ਰਹੀਆਂ ਹਨ। ਭਾਵੇਂ ਅੱਜ ਇਹ ਉਹੀ ਹਨ, ਪਰ ਸਮੇਂ ਦੇ ਬਦਲਣ ਨਾਲ ਆਰਥਿਕ ਸਥਿਤੀ ਵਿੱਚ ਪਰਿਵਰਤਨ ਆਉਣ ਨਾਲ ਇਨ੍ਹਾਂ ਰੀਤੀ ਰਿਵਾਜਾਂ ਦੀ ਦਿੱਖ ਜਾਂ ਰੂਪ ਜ਼ਰੂਰ ਬਦਲ ਗਿਆ ਹੈ।
ਗੱਲ ਵਿਆਹ ਤੋਂ ਸ਼ੁਰੂ ਕਰੀਏ ਤਾਂ ਇਹ ਸਮਾਜ ਦੀ ਅਹਿਮ ਰਸਮ ਹੈ, ਪਰ ਅੱਜ ਇਸ ਦੇ ਅਰਥ ਬਿਲਕੁਲ ਬਦਲ ਚੁੱਕੇ ਹਨ। ਆਰਥਿਕ ਹਾਲਤਾਂ ਵਿੱਚ ਪਰਿਵਰਤਨ ਅਤੇ ਸਿੱਖਿਆ ਦੇ ਪਸਾਰ ਕਾਰਨ ਸੋਚ 'ਚ ਬਹੁਤ ਤਬਦੀਲੀ ਆਈ ਹੈ। ਰਹਿਣ ਸਹਿਣ ਤੇ ਖਾਣ ਪਹਿਨਣ ਦੇ ਢੰਗ ਬਦਲ ਚੁੱਕੇ ਹਨ। ਵਿਆਹ ਪ੍ਰਤੀ ਦਿਨ ਮਹਿੰਗੇ ਹੋ ਰਹੇ ਹਨ। ਇਕ ਰਿਵਾਜ ਤੋਂ ਜ਼ਿਆਦਾ ਇਹ ਵਿਆਹ ਦਿਖਾਵੇ ਦੀ ਵਸਤੂ ਬਣ ਗਏ ਹਨ। ਅੱਜ ਓਨਾ ਖਰਚ ਵਿਆਹ ਤੋਂ ਪਹਿਲਾਂ ਹੋਣ ਵਾਲੇ ਸਮਾਰੋਹਾਂ 'ਤੇ ਆਉਂਦਾ ਹੈ, ਜਿੰਨਾ ਵਿਆਹ ਸਮੇ। ਅੱਜ ਜ਼ਿਆਦਾ ਖਰਚ ਕਰਨ ਨੂੰ ਸ਼ਾਨ ਸਮਝਿਆ ਜਾਣ ਲੱਗਾ ਹੈ।
ਦਿਖਾਵਾ ਇੰਨਾ ਭਾਰੂ ਹੋ ਗਿਆ ਹੈ ਕਿ ਲੋਕ ਆਪਣੀ ਆਮਦਨ ਤੋਂ ਬਾਹਰ ਹੋ ਕੇ ਖਰਚ ਕਰਦੇ ਹਨ। ਦਾਜ ਦੇਣਾ ਜਾਂ ਲੈਣਾ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਸਭ ਦਿਖਾਵੇ ਤੋਂ ਬਿਨਾਂ ਕੁਝ ਨਹੀਂ। ਦਿਖਾਵੇ ਦੇ ਦੌਰ 'ਚ ਸਕੂਨ ਘੱਟ ਅਤੇ ਸਿਰਦਰਦੀ ਜ਼ਿਆਦਾ ਵਧੀ ਹੈ। ਵਿਆਹ ਤੋਂ ਬਾਅਦ ਹੁੰਦੀਆਂ ਰਸਮਾਂ ਬੇਹੱਦ ਖਰਚੀਲੀਆਂ ਹੋ ਗਈਆਂ ਹਨ। ਮਿਲਣੀਆਂ, ਤੀਆਂ, ਕਰਵਾ ਚੌਥ, ਲੋਹੜੀ ਅਤੇ ਦੀਵਾਲੀ ਆਦਿ ਦੇ ਸੰਧਾਰੇ ਬੇਮੁਹਾਰੇ ਖਰਚ ਦੇ ਸਾਧਨ ਬਣ ਚੁੱਕੇ ਹਨ। ਅੱਜ ਇਨ੍ਹਾਂ ਰਿਵਾਜਾਂ ਦੀ ਆੜ 'ਚ ਦੇਖੋ ਦੇਖੀ ਖਰਚ ਕੀਤਾ ਜਾਂਦਾ ਹੈ। ਨੱਕ ਰੱਖਣ ਲਈ ਜਾਂ ਆਪਣੇ ਆਪ ਨੂੰ ਵੱਡਾ ਅਖਵਾਉਣ ਲਈ ਕੱਪੜਿਆਂ, ਗਹਿਣਿਆਂ ਅਤੇ ਹੋਰ ਵਸਤਾਂ 'ਤੇ ਖਰਚ ਕਰਨਾ ਜ਼ਰੂਰੀ ਸਮਝਿਆ ਜਾਣ ਲੱਗਾ ਹੈ। ਜਿੰਨਾ ਵੱਧ ਖਰਚ, ਓਨੀ ਹੀ ਵਡਿਆਈ, ਅੱਜ ਇਹ ਧਾਰਨਾ ਪ੍ਰਫੁੱਲਤ ਹੋ ਰਹੀ ਹੈ।
ਇਸ ਫੋਕੀ ਸ਼ੋਹਰਤ ਅਤੇ ਸ਼ੋਸ਼ੇਬਾਜ਼ੀ ਦੀ ਲਪੇਟ ਵਿੱਚ ਸਾਡੇ ਗਮੀ ਦੇ ਸੰਸਕਾਰ ਵੀ ਆ ਚੁੱਕੇ ਹਨ। ਇਕ ਦੂਜੇ ਦੀ ਰੀਸ ਤੇ ਵਿਖਾਵੇਬਾਜ਼ੀ ਕਰਨ ਮਰਗਤ ਦੇ ਭੋਗਾਂ 'ਤੇ ਵੀ ਇੰਨਾ ਖਰਚ ਕੀਤਾ ਜਾਂਦਾ ਹੈ, ਜਿਸ ਨਾਲ ਬਹੁਤ ਕੁਝ ਉਸਾਰੂ ਹੋ ਸਕਦਾ ਹੈ। ਜਿਉਂਦੇ ਬਜ਼ੁਰਗਾਂ ਨੂੰ ਕਦੇ ਫੋਕਾ ਪਾਣੀ ਨੀਂ ਪੁੱਛਿਆ ਹੁੰਦਾ, ਪਰ ਭੋਗਾਂ 'ਤੇ ਤਰ੍ਹਾਂ-ਤਰ੍ਹਾਂ ਦੇ ਖਾਣਿਆਂ ਦਾ ਪ੍ਰਬੰਧ ਹੁੰਦਾ ਹੈ। ਫੋਕੀ ਪੈਂਠ ਸਥਾਪਤ ਕਰਨ ਲਈ ਅੱਜ ਕੱਲ੍ਹ ਸਿਆਸੀ ਨੇਤਾਵਾਂ ਨੂੰ ਸੱਦਣਾ ਵੀ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ। ਦਾਹ ਸਸਕਾਰ ਤੋਂ ਲੈ ਕੇ ਭੋਗ ਤੱਕ ਕਈ ਰਸਮਾਂ ਹੁੰਦੀਆਂ ਹਨ। ਲੋਕ ਵੱਖ-ਵੱਖ ਵਾਹਨਾਂ 'ਚ ਸਵਾਰ ਹੋ ਕੇ ਇਨ੍ਹਾਂ ਰਸਮਾਂ ਨੂੰ ਨਿਭਾਉਣ ਜਾਂਦੇ ਹਨ। ਜਿਥੇ ਚਾਰ ਬੰਦਿਆਂ ਨਾਲ ਸਰ ਸਕਦੈ, ਉਥੇ ਦਸ ਬੰਦੇ ਆਪਣਾ ਕੰਮ ਛੱਡਦੇ ਹਨ। ਇਸ ਸਭ 'ਚ ਜਿਥੇ ਸਮੇਂ ਤੇ ਪੈਸੇ ਦੀ ਬਰਬਾਦੀ ਹੁੰਦੀ ਹੈ, ਉਥੇ ਸੜਕਾਂ 'ਤੇ ਵੀ ਭੀੜ ਵਧਦੀ ਹੈ, ਜਿਸ ਨਾਲ ਹਾਦਸੇ ਵਾਪਰਦੇ ਹਨ।
ਇਕ ਨਵਾਂ ਰਿਵਾਜ ਪੈਦਾ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਸੇਵਾਮੁਕਤੀ ਸਮੇਂ ਵੱਡੇ ਪੱਧਰ 'ਤੇ ਸਮਾਗਮ ਕੀਤੇ ਜਾਣ ਲੱਗੇ ਹਨ। ਸੇਵਾਮੁਕਤੀ ਦੇ ਸਮਾਰੋਹ ਆਮ ਤੌਰ 'ਤੇ ਹੋਟਲਾਂ ਅਤੇ ਮੈਰਿਜ ਪੈਲੇਸਾਂ 'ਚ ਹੁੰਦੇ ਹਨ, ਇਹ ਕਿਸੇ ਚੰਗੇ ਵਿਆਹ ਤੋਂ ਘੱਟ ਨਹੀਂ ਲੱਗਦੇ। ਮਿੱਤਰਾਂ ਤੇ ਰਿਸ਼ਤੇਦਾਰਾਂ ਵੱਲੋਂ ਖੂਬ ਤੋਹਫੇਬਾਜ਼ੀ ਹੁੰਦੀ ਹੈ। ਸ਼ਰਾਬ ਕਬਾਬ ਦੇ ਨਾਲ-ਨਾਲ ਗਾਉਣ ਵਜਾਉਣ ਦਾ ਪ੍ਰਬੰਧ ਵੀ ਉਚੇਚੇ ਤੌਰ 'ਤੇ ਹੁੰਦਾ ਹੈ।
ਇਹ ਰਸਮਾਂ ਰਿਵਾਜ ਗੈਰ ਜ਼ਰੂਰੀ ਚਿੰਤਾਵਾਂ ਦਾ ਕਾਰਨ ਬਣ ਰਹੇ ਹਨ ਅਤੇ ਬੇਲੋੜੇ ਦਿਖਾਵੇ ਦੀ ਭੇਟ ਚੜ੍ਹ ਰਹੇ ਹਨ। ਨਾਲ ਇਹ ਵੀ ਵੇਖਣ 'ਚ ਆ ਰਿਹਾ ਹੈ ਕਿ ਜਿੰਨਾ ਵਧੇਰੇ ਪੈਸਾ ਜ਼ਿੰਦਗੀ ਉੱਤੇ ਭਾਰੂ ਹੋ ਰਿਹਾ ਹੈ, ਓਨਾ ਹੀ ਸਮਾਜ ਦਿਨ ਪ੍ਰਤੀ ਦਿਨ ਤਿੜਕ ਰਿਹਾ ਹੈ। ਅੱਜ ਤਲਾਕ ਦੇ ਕੇਸ, ਘਰੇਲੂ ਉਲਝਣਾਂ ਤੇ ਘਰੇਲੂ ਹਿੰਸਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਵਿਆਹ ਸਮੇਂ ਪੈਸੇ ਦੇ ਵਿਖਾਵੇ ਦੀ ਆੜ 'ਚ ਵਿਚਾਰਾਂ ਦਾ ਮੇਲ ਜ਼ਰੂਰੀ ਨਾ ਮੰਨ ਕੇ ਪਹਿਲ ਨਹੀਂ ਦਿੱਤੀ ਜਾਂਦੀ। ਲੋਕ ਪੈਸੇ ਅਤੇ ਸੁੱਖ ਸਹੂਲਤਾਂ ਪੱਖੋਂ ਆਧੁਨਿਕ ਹੋ ਗਏ ਹਨ, ਪਰ ਸੌੜੀ ਮਾਨਸਿਕਤਾ ਤੋਂ ਮੁਕਤ ਨਹੀਂ ਹੋ ਸਕੇ। ਇਸ ਕਰਕੇ ਅੱਜ ਵੀ ਕਈ ਪਰਵਾਰਾਂ 'ਚ ਪੜ੍ਹਾਈ 'ਤੇ ਪੈਸੇ ਖਰਚਣ ਨਾਲੋਂ ਵਿਆਹ ਉਤੇ ਵਧੇਰੇ ਪੈਸਾ ਖਰਚਣ ਦੀ ਸੋਚ ਭਾਰੂ ਹੈ।
ਸਮਾਗਮਾਂ 'ਤੇ ਖਰਚ ਕੀਤਾ ਜਾਣ ਵਾਲਾ ਪੈਸਾ ਜੇ ਅੱਧਾ ਵੀ ਧੀ ਪੁੱਤਾਂ ਦੀ ਸਿੱਖਿਆ 'ਤੇ ਖਰਚ ਕਰ ਦਿੱਤਾ ਜਾਵੇ ਤਾਂ ਉਹ ਸਵੈ ਵਿਸ਼ਵਾਸ ਅਤੇ ਆਪਣੇ ਬਲਬੂਤੇ ਘੱਟੋ-ਘੱਟ ਜ਼ਮਾਨੇ ਨਾਲ ਤਾਂ ਚੱਲ ਸਕਣਗੇ। ਉਚੀ ਸੋਚ ਨਾਲ ਸਮਾਜ 'ਚ ਵੀ ਉਸਾਰੂ ਯੋਗਦਾਨ ਪਾ ਸਕਣਗੇ। ਇਸ ਨਾਲ ਪਿੱਤਰਸੱਤਾ, ਭਰੂਣ ਹੱਤਿਆ ਤੇ ਦਾਜ ਕਾਰਨ ਹੱਤਿਆਵਾਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਵੇਗੀ। ਵਿਆਹ ਸਮੇਂ ਹੁੰਦੇ ਦਿਖਾਵੇ, ਫੋਕੀ ਸ਼ੋਸ਼ੇਬਾਜ਼ੀ ਤੋਂ ਮੁਕਤੀ ਲਈ ਅਜੋਕਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਸਾਰਥਕ ਭੂਮਿਕਾ ਨਿਭਾ ਸਕਦਾ ਹੈ ਬਸ਼ਰਤੇ ਕਿ ਇਹ ਵਰਗ ਉਚੀ ਸੋਚ ਅਤੇ ਵਿਚਾਰਾਂ ਦਾ ਹਾਣੀ ਹੋਵੇ।
ਅੰਤ 'ਚ ਇਹੀ ਆਖਿਆ ਜਾ ਸਕਦਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਰੀਤਾਂ ਰਸਮਾਂ ਨੂੰ ਵਿਖਾਵੇ ਦੀ ਭੇਟ ਚੜ੍ਹਾਉਣ ਵਾਲਾ ਸਾਡਾ ਸਮਾਜ ਹੀ ਹੈ ਅਤੇ ਨਵੀਆਂ ਰੀਤੀ ਰਸਮਾਂ, ਰਿਵਾਜਾਂ ਦੀ ਸ਼ੁਰੂਆਤ ਕਰਨ ਵਾਲਾ ਵੀ ਸਮਾਜ ਹੀ ਹੈ, ਪਰ ਅੱਜ ਇਸ ਦਿਖਾਵੇ, ਸ਼ੋਸ਼ੇਬਾਜ਼ੀ ਅਤੇ ਅਖੌਤੀ ਸ਼ੋਹਰਤ ਤੋਂ ਨਿਜਾਤ ਪਾਉਣ ਦੀ ਜ਼ਰੂਰਤ ਵੀ ਇਸ ਸਮਾਜ ਨੂੰ ਹੀ ਹੈ। ਅੱਜ ਹਰ ਇਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਰੀਤੀ ਰਿਵਾਜਾਂ, ਸੰਸਕਾਰਾਂ, ਰਸਮਾਂ ਉਤੇ ਨਿਯੰਤਰਣ ਪਾਉਣ ਲਈ ਬਣਦਾ ਯੋਗਦਾਨ ਪਾਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ!