ਮਹਾਰਾਸ਼ਟਰ, 27 ਅਪ੍ਰੈਲ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਜਲਗਾਓਂ ਵਿੱਚ, ਇੱਕ ਪਿਤਾ ਨੇ ਪ੍ਰੇਮ ਵਿਆਹ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਧੀ ਅਤੇ ਜਵਾਈ ਨੂੰ ਗੋਲੀ ਮਾਰ ਦਿੱਤੀ। ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਜਵਾਈ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਚੋਪੜਾ ਸ਼ਹਿਰ ਵਿੱਚ ਵਾਪਰੀ।
ਘਟਨਾ ਤੋਂ ਬਾਅਦ ਵਿਆਹ ਵਿੱਚ ਮੌਜੂਦ ਲੋਕਾਂ ਨੇ ਕਿਰਨ ਮੰਗਲੇ ਨੂੰ ਫੜ੍ਹ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਕਿਰਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ।
ਦੋਸ਼ੀ ਕਿਰਨ ਮੰਗਲੇ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਇੱਕ ਸੇਵਾਮੁਕਤ ਸਬ-ਇੰਸਪੈਕਟਰ ਹੈ। ਉਸਦੀ ਧੀ ਤ੍ਰਿਪਤੀ ਦਾ ਵਿਆਹ ਇੱਕ ਸਾਲ ਪਹਿਲਾਂ ਅਵਿਨਾਸ਼ ਨਾਲ ਹੋਇਆ ਸੀ। ਦੋਵੇਂ ਵਿਆਹ ਤੋਂ ਬਾਅਦ ਹੀ ਪੁਣੇ ਵਿੱਚ ਰਹਿ ਰਹੇ ਸਨ।
26 ਅਪ੍ਰੈਲ ਦੀ ਰਾਤ ਨੂੰ, ਤ੍ਰਿਪਤੀ ਅਤੇ ਅਵਿਨਾਸ਼ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਇਹ ਜਾਣਕਾਰੀ ਮਿਲਣ ਤੋਂ ਬਾਅਦ, ਮੰਗਲੇ ਬੰਦੂਕ ਲੈ ਕੇ ਵਿਆਹ ਵਾਲੀ ਥਾਂ 'ਤੇ ਪਹੁੰਚ ਗਿਆ। ਉਸਨੇ ਆਪਣੀ ਧੀ ਅਤੇ ਜਵਾਈ ਨੂੰ ਦੇਖਦਿਆਂ ਹੀ ਗੋਲੀ ਚਲਾ ਦਿੱਤੀ, ਜਿਸ ਨਾਲ ਤ੍ਰਿਪਤੀ ਦੀ ਮੌਤ ਹੋ ਗਈ ਅਤੇ ਅਵਿਨਾਸ਼ ਜ਼ਖਮੀ ਹੋ ਗਿਆ। ਇਸ ਹਮਲੇ ਵਿੱਚ ਇੱਕ ਹੋਰ ਔਰਤ ਵੀ ਜ਼ਖਮੀ ਹੋ ਗਈ।