ਨਵੀਂ ਦਿੱਲੀ, 24 ਅਪ੍ਰੈਲ (ਪੋਸਟ ਬਿਊਰੋ): ਅਦਾਲਤ ਨੇ ਅੱਜ ਨਰਮਦਾ ਬਚਾਓ ਅੰਦੋਲਨ (ਐੱਨਬੀਏ) ਦੀ ਆਗੂ ਮੇਧਾ ਪਾਟਕਰ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ’ਚ ਪ੍ਰੋਬੇਸ਼ਨ ਬਾਂਡ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਹੁਕਮਾਂ ਦੀ ਜਾਣਬੁੱਝ ਕੇ ਉਲੰਘਣਾ ਕੀਤੀ ਹੈ। ਅਦਾਲਤ ਨੇ ਸੁਣਵਾਈ ਮੁਲਤਵੀ ਕਰਨ ਦੀ ਉਨ੍ਹਾਂ ਦੀ ਪਟੀਸ਼ਨ ਨੂੰ ‘ਬੇਤੁਕੀ’ ਕਰਾਰ ਦਿੰਦਿਆਂ ਕਿਹਾ ਕਿ ਇਹ ਅਦਾਲਤ ਨੂੰ ‘ਧੋਖਾ’ ਦੇਣ ਦੇ ਇਰਾਦੇ ਨਾਲ ਦਾਇਰ ਕੀਤੀ ਗਈ ਸੀ। ਅਦਾਲਤ ਨੇ ਪਾਟਕਰ ਨੂੰ ਉਨ੍ਹਾਂ ਦੇ ਇਸ ਕਦਮ ਖਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਅਦਾਲਤ ਨੂੰ ‘ਸਜ਼ਾ ’ਤੇ ਮੁੜ ਵਿਚਾਰ ਕਰਨ’ ਲਈ ਮਜਬੂਰ ਕਰ ਸਕਦਾ ਹੈ।
ਵਧੀਕ ਸੈਸ਼ਨ ਜੱਜ ਵਿਸ਼ਾਲ ਸਿੰਘ ਨੇ ਸੁਣਵਾਈ ਦੌਰਾਨ ਕਿਹਾ, ‘ਦੋਸ਼ੀ ਦਾ ਇਰਾਦਾ ਸਪੱਸ਼ਟ ਹੈ ਕਿ ਉਹ ਜਾਣਬੁੱਝ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਉਹ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਹੀ ਹੈ ਅਤੇ ਆਪਣੇ ਖਿਲਾਫ਼ ਸੁਣਾਈ ਗਈ ਸਜ਼ਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਵੀ ਬਚ ਰਹੀ ਹੈ।