ਮਧੂਬਨੀ, 24 ਅਪ੍ਰੈਲ (ਪੋਸਟ ਬਿਊਰੋ): ਪਹਿਲਗਾਮ ਹਮਲੇ ਤੋਂ ਬਾਅਦ ਵੀਰਵਾਰ ਨੂੰ ਬਿਹਾਰ ਦੇ ਮਧੂਬਨੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲਗਾਮ ਦੇ ਦੋਸ਼ੀਆਂ ਨੂੰ ਮਿੱਟੀ `ਚ ਮਿਲਾਉਣ ਦਾ ਸਮਾਂ ਆ ਗਿਆ ਹੈ। ਅੱਤਵਾਦੀਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।
ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ ਵਿੱਚ, ਕਿਸੇ ਨੇ ਆਪਣਾ ਪੁੱਤਰ ਗੁਆ ਦਿੱਤਾ, ਕਿਸੇ ਨੇ ਆਪਣਾ ਭਰਾ ਗੁਆ ਦਿੱਤਾ, ਕਿਸੇ ਨੇ ਆਪਣਾ ਜੀਵਨ ਸਾਥੀ ਗੁਆ ਦਿੱਤਾ। ਉਨ੍ਹਾਂ ਵਿੱਚੋਂ ਕੁਝ ਬੰਗਾਲੀ ਬੋਲਦੇ ਸਨ, ਕੁਝ ਕੰਨੜ, ਕੁਝ ਗੁਜਰਾਤੀ, ਕੁਝ ਬਿਹਾਰ ਤੋਂ ਸਨ। ਅੱਜ, ਕਾਰਗਿਲ ਤੋਂ ਕੰਨਿਆਕੁਮਾਰੀ ਤੱਕ, ਸਾਡਾ ਗੁੱਸਾ ਸਾਰਿਆਂ ਦੀ ਮੌਤ 'ਤੇ ਇੱਕੋ ਜਿਹਾ ਹੈ।
ਪਹਿਲਗਾਮ ਅੱਤਵਾਦੀ ਹਮਲੇ 'ਤੇ ਦੁਨੀਆਂ ਨੂੰ ਸੰਦੇਸ਼ ਦੇਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਅੰਗਰੇਜ਼ੀ ਵਿੱਚ ਕਿਹਾ, 'ਅਸੀਂ ਉਨ੍ਹਾਂ ਨੂੰ ਧਰਤੀ ਦੇ ਆਖਰੀ ਕੋਨੇ ਤੱਕ ਭਜਾ ਦੇਵਾਂਗੇ। ਭਾਰਤ ਦੀ ਆਤਮਾ ਕਦੇ ਵੀ ਅੱਤਵਾਦ ਨਾਲ ਨਹੀਂ ਟੁੱਟੇਗੀ। ਅੱਤਵਾਦ ਨੂੰ ਸਜ਼ਾ ਦਿੱਤੀ ਜਾਵੇਗੀ।
ਉਨ੍ਹਾ ਅੱਗੇ ਕਿਹਾ ਕਿ ਨਿਆਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ।' ਇਸ ਸੰਕਲਪ ਵਿੱਚ ਪੂਰਾ ਦੇਸ਼ ਇੱਕਜੁੱਟ ਹੈ। ਹਰ ਉਹ ਵਿਅਕਤੀ ਜੋ ਮਨੁੱਖਤਾ ਵਿੱਚ ਵਿਸ਼ਵਾਸ ਰੱਖਦਾ ਹੈ ਸਾਡੇ ਨਾਲ ਹੈ। ਮੈਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਧੰਨਵਾਦ ਕਰਦਾ ਹਾਂ ਜੋ ਸਾਡੇ ਨਾਲ ਖੜ੍ਹੇ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮਾਸੂਮ ਲੋਕਾਂ ਨੂੰ ਮਾਰਿਆ ਗਿਆ।' ਪੂਰਾ ਦੇਸ਼ ਇਸ ਤੋਂ ਦੁਖੀ ਹੈ। ਪੂਰਾ ਦੇਸ਼ ਉਨ੍ਹਾਂ ਦੇ ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾਉਣ ਲਈ ਯਤਨ ਕਰ ਰਹੀ ਹੈ ਕਿ ਜੋ ਲੋਕ ਇਸ ਸਮੇਂ ਇਲਾਜ ਅਧੀਨ ਹਨ, ਉਹ ਜਲਦੀ ਠੀਕ ਹੋ ਜਾਣ। ਮੈਂ ਇਹ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ, ਹਮਲਾਵਰਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਹਾਡੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।