ਇਸਲਾਮਾਬਾਦ, 27 ਅਪ੍ਰੈਲ (ਪੋਸਟ ਬਿਊਰੋ): ਜਿਹਲਮ ਨਦੀ ਦੇ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਸ਼ਨੀਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਹੜਕੰਪ ਮਚ ਗਿਆ। ਇਸ ਕਾਰਨ ਮੁਜ਼ੱਫਰਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਹੈ।
ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ 'ਤੇ ਬਿਨ੍ਹਾਂ ਕਿਸੇ ਸੂਚਨਾ ਦੇ ਅਨੰਤਨਾਗ ਤੋਂ ਵਾਧੂ ਪਾਣੀ ਛੱਡਣ ਦਾ ਦੋਸ਼ ਲਗਾਇਆ ਹੈ।
ਚਕੋਠੀ ਸਰਹੱਦ ਤੋਂ ਮੁਜ਼ੱਫਰਾਬਾਦ ਸ਼ਹਿਰ ਤੱਕ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਹੱਟੀਆਂ ਬਾਲਾ, ਗਹਿਰੀ ਦੁਪੱਟਾ ਅਤੇ ਮਝੋਈ ਆਦਿ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ ਹੈ। ਮਸਜਿਦਾਂ ਤੋਂ ਐਮਰਜੈਂਸੀ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਦਮ ਜਾਣਬੁੱਝ ਕੇ ਚੁੱਕਿਆ ਗਿਆ ਹੈ, ਤਾਂ ਇਹ 1960 ਦੇ ਸਿੰਧੂ ਜਲ ਸਮਝੌਤੇ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਕਾਰ ਵਿਵਾਦ ਹੋਰ ਡੂੰਘਾ ਹੋ ਗਿਆ ਹੈ।