ਵਾਸਿ਼ੰਗਟਨ, 23 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਪਨਾਮਾ ਨਹਿਰ ਨੂੰ ਅਮਰੀਕਾ ਦੇ ਕਬਜ਼ੇ ਹੇਠ ਲੈ ਲੈਣਗੇ। ਇਹ ਨਹਿਰ ਉੱਤਰੀ ਅਮਰੀਕੀ ਦੇਸ਼ ਪਨਾਮਾ ਦਾ ਹਿੱਸਾ ਹੈ। ਇਸ ਨਹਿਰ 'ਤੇ ਅਮਰੀਕਾ ਦਾ 1999 ਤੱਕ ਕੰਟਰੋਲ ਸੀ।
ਟਰੰਪ ਨੇ ਕਿਹਾ ਕਿ ਪਨਾਮਾ ਇਸ ਨਹਿਰ ਦੀ ਵਰਤੋਂ ਕਰਨ ਲਈ ਅਮਰੀਕਾ ਤੋਂ ਵੱਧ ਖਰਚਾ ਲੈ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੀਨ ਨਹਿਰ ’ਤੇ ਆਪਣਾ ਪ੍ਰਭਾਵ ਵਧਾ ਰਿਹਾ ਹੈ। ਅਮਰੀਕੀ ਸੂਬੇ ਐਰੀਜ਼ੋਨਾ ਵਿੱਚ ਸਮਰਥਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਨਹਿਰ ਨੂੰ ਗਲਤ ਹੱਥਾਂ ਵਿੱਚ ਨਹੀਂ ਜਾਣ ਦੇਣਗੇ।
ਰੈਲੀ ਤੋਂ ਬਾਅਦ, ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਏਆਈ ਦੁਆਰਾ ਤਿਆਰ ਕੀਤੀ ਫੋਟੋ ਵੀ ਪੋਸਟ ਕੀਤੀ। ਇਸ ਤਸਵੀਰ ਵਿੱਚ ਅਮਰੀਕੀ ਝੰਡਾ ਪਨਾਮਾ ਨਹਿਰ ਦੇ ਵਿਚਕਾਰ ਲਟਕਦਾ ਨਜ਼ਰ ਆ ਰਿਹਾ ਹੈ। ਤਸਵੀਰ ਦੇ ਕੈਪਸ਼ਨ 'ਚ ਟਰੰਪ ਨੇ ਲਿਖਿਆ 'ਵੈਲਕਮ ਟੂ ਦ ਯੂਨਾਈਟਿਡ ਸਟੇਟਸ ਕੈਨਾਲ'। ਇਸਦਾ ਅਰਥ ਹੈ ਯੂਨਾਈਟਿਡ ਸਟੇਟਸ ਨਹਿਰ ਵਿੱਚ ਤੁਹਾਡਾ ਸੁਆਗਤ ਹੈ।
ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਟਰੰਪ ਦੀ ਧਮਕੀ 'ਤੇ ਸਖ਼ਤ ਤਾੜਨਾ ਕੀਤੀ ਹੈ। ਮੁਲੀਨੋ ਨੇ ਐਤਵਾਰ ਨੂੰ ਇੱਕ ਰਿਕਾਰਡ ਕੀਤੇ ਸੰਦੇਸ਼ ਵਿੱਚ ਕਿਹਾ ਕਿ ਪਨਾਮਾ ਦੀ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਟਰੰਪ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਨਹਿਰ 'ਤੇ ਚੀਨ ਦੇ ਪ੍ਰਭਾਵ ਤੋਂ ਇਨਕਾਰ ਕੀਤਾ।
ਮੁਲੀਨੋ ਨੇ ਕਿਹਾ ਕਿ ਪਨਾਮਾ ਨਹਿਰ ਦੇ ਕੈਰੇਬੀਅਨ ਅਤੇ ਪੈਸੀਫਿਕ ਪਾਸਿਆਂ 'ਤੇ ਦੋ ਬੰਦਰਗਾਹਾਂ ਦੇ ਗੇਟਾਂ ਦਾ ਪ੍ਰਬੰਧਨ ਸੀਕੇ ਹਚੀਸਨ ਹੋਲਡਿੰਗਜ਼ ਦੀ ਸਹਾਇਕ ਕੰਪਨੀ ਦੁਆਰਾ ਕੀਤਾ ਜਾਂਦਾ ਹੈ। ਇਹ ਕੰਪਨੀ ਹਾਂਗਕਾਂਗ ਵਿੱਚ ਸਥਿਤ ਹੈ, ਇਸ `ਤੇ ਚੀਨ ਦਾ ਕੋਈ ਕੰਟਰੋਲ ਨਹੀਂ ਹੈ।
ਮੁਲੀਨੋ ਨੇ ਅੱਗੇ ਕਿਹਾ ਕਿ ਪਨਾਮਾ ਨਹਿਰ ਅਤੇ ਇਸ ਦੇ ਆਲੇ-ਦੁਆਲੇ ਦੀ ਹਰ ਇੰਚ ਜ਼ਮੀਨ ਪਨਾਮਾ ਦੀ ਹੈ ਅਤੇ ਇਹ ਭਵਿੱਖ ਵਿੱਚ ਵੀ ਪਨਾਮਾ ਦੀ ਹੀ ਰਹੇਗੀ। ਮੁਲੀਨੋ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਇਸ ਬਾਰੇ ਅੱਗੇ ਸੋਚਾਂਗੇ।