ਜੈਪੁਰ, 10 ਦਸੰਬਰ (ਪੋਸਟ ਬਿਊਰੋ): ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਉਨ੍ਹਾਂ ਦੇ ਮੰਤਰੀਆਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਨਾਲ ਹੀ ਸਲਾਹ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਜਾਣਾ ਹੀ ਹੈ ਤਾਂ ਨਾ ਆਇਆ ਕਰੋ। ਸ਼ੋਅ ਤੋਂ ਪਹਿਲਾਂ ਚਲੇ ਜਾਓ। ਮੈਂ ਜਾਣਦਾ ਹਾਂ ਕਿ ਤੁਸੀਂ ਮਹਾਨ ਲੋਕ ਹੋ। ਤੁਸੀਂ ਇੱਕ ਵੱਡੀ ਜਿ਼ੰਮੇਵਾਰੀ ਸੰਭਾਲ ਰਹੇ ਹੋ। ਸ਼ੋਅ ਵਿੱਚ ਬੈਠ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਤੁਹਾਨੂੰ ਪਹਿਲਾਂ ਹੀ ਛੱਡ ਦੇਣਾ ਚਾਹੀਦਾ ਹੈ।
ਸੋਮਵਾਰ ਨੂੰ ਰਾਈਜਿ਼ੰਗ ਰਾਜਸਥਾਨ ਗਲੋਬਲ ਸਮਿਟ ਤਹਿਤ ਜੈਪੁਰ ਦੇ ਰਾਮਬਾਗ ਹੋਟਲ 'ਚ ਸੋਨੂੰ ਨਿਗਮ ਦਾ ਕੰਸਰਟ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਪ੍ਰੋਗਰਾਮ ਦੇ ਵਿਚਕਾਰ ਹੀ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਬਾਕੀ ਮੰਤਰੀ ਅਤੇ ਹੋਰ ਡੈਲੀਗੇਟ ਵੀ ਚਲੇ ਗਏ। ਭਜਨ ਲਾਲ ਸ਼ਰਮਾ ਦੇ ਇਸ ਰਵੱਈਏ 'ਤੇ ਸੋਨੂੰ ਨਿਗਮ ਨੇ ਸਿਆਸਤਦਾਨਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਸੋਮਵਾਰ ਦੇਰ ਰਾਤ ਸੋਨੂੰ ਨਿਗਮ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਕਲਾਕਾਰ ਦਾ ਦਰਦ ਬਿਆਨ ਕੀਤਾ।