ਤਲਅਵੀਵ, 10 ਦਸੰਬਰ (ਪੋਸਟ ਬਿਊਰੋ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਗਵਾਹੀ ਦੇਣ ਲਈ ਮੰਗਲਵਾਰ ਨੂੰ ਪਹਿਲੀ ਵਾਰ ਅਦਾਲਤ 'ਚ ਪੇਸ਼ ਹੋਣਗੇ। ਉਹ ਇਜ਼ਰਾਈਲ ਵਿੱਚ ਧੋਖਾਧੜੀ, ਭਰੋਸੇ ਦੀ ਉਲੰਘਣਾ ਅਤੇ ਰਿਸ਼ਵਤਖੋਰੀ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਨੇਤਨਯਾਹੂ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਗਾਜ਼ਾ ਯੁੱਧ ਅਤੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਵਿੱਚ ਦੇਰੀ ਦੀ ਵਾਰ-ਵਾਰ ਮੰਗ ਕੀਤੀ ਹੈ। ਹਾਲਾਂਕਿ ਅਦਾਲਤ ਨੇ ਮੰਗਲਵਾਰ ਨੂੰ ਸੁਣਵਾਈ ਮੁੜ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਦਾਲਤ ਦੀ ਕਾਰਵਾਈ ਨੂੰ ਰਾਜਧਾਨੀ ਤਲਅਵੀਵ ਦੇ ਭੂਮੀਗਤ ਚੈਂਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
2020 ਵਿੱਚ ਸ਼ੁਰੂ ਹੋਏ ਮੁਕੱਦਮੇ ਵਿੱਚ ਤਿੰਨ ਵੱਖਰੇ ਕੇਸ ਸ਼ਾਮਿਲ ਹਨ। ਇਸ 'ਚ ਨੇਤਨਯਾਹੂ 'ਤੇ ਆਪਣੇ ਪੱਖ 'ਚ ਖਬਰਾਂ ਪ੍ਰਕਾਸਿ਼ਤ ਕਰਨ ਦੇ ਬਦਲੇ ਮੀਡੀਆ ਦੇ ਲੋਕਾਂ ਨੂੰ ਸਿਆਸੀ ਲਾਭ ਦੇਣ ਦਾ ਦੋਸ਼ ਹੈ। ਮਹਿੰਗੇ ਤੋਹਫਿਆਂ ਦੇ ਬਦਲੇ ਇੱਕ ਅਰਬਪਤੀ ਹਾਲੀਵੁੱਡ ਨਿਰਦੇਸ਼ਕ ਨੂੰ ਫਾਇਦਾ ਹੋਇਆ।
ਇਨ੍ਹਾਂ ਸਾਰੇ ਮਾਮਲਿਆਂ ਵਿੱਚ 140 ਲੋਕਾਂ ਨੂੰ ਗਵਾਹੀ ਲਈ ਬੁਲਾਇਆ ਗਿਆ ਹੈ। ਗਵਾਹਾਂ ਵਿੱਚ ਨੇਤਨਯਾਹੂ ਦੇ ਕੁਝ ਵਿਸ਼ਵਾਸਪਾਤਰ ਸ਼ਾਮਿਲ ਹਨ ਜੋ ਉਸਦੇ ਵਿਰੁੱਧ ਹੋ ਗਏ ਸਨ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਯੇਅਰ ਲੈਪਿਡ ਅਤੇ ਕਈ ਮੀਡੀਆ ਹਸਤੀਆਂ ਸ਼ਾਮਿਲ ਹਨ। ਵਕੀਲਾਂ ਨੇ ਰਿਕਾਰਡਿੰਗ, ਪੁਲਿਸ ਦਸਤਾਵੇਜ਼ ਅਤੇ ਟੈਕਸਟ ਮੈਸੇਜ ਸਮੇਤ ਕਈ ਸਬੂਤ ਪੇਸ਼ ਕੀਤੇ ਹਨ।
ਵਰਤਮਾਨ ਵਿੱਚ, ਘੱਟੋ ਘੱਟ 2026 ਤੱਕ ਇਸ ਮਾਮਲੇ ਵਿੱਚ ਫੈਸਲੇ ਦੀ ਉਮੀਦ ਨਹੀਂ ਹੈ। ਇਸ ਤੋਂ ਬਾਅਦ ਨੇਤਨਯਾਹੂ ਸੁਪਰੀਮ ਕੋਰਟ 'ਚ ਵੀ ਅਪੀਲ ਕਰ ਸਕਦੇ ਹਨ।