ਦਮਿਸ਼ਕ, 10 ਦਸੰਬਰ (ਪੋਸਟ ਬਿਊਰੋ): ਸੀਰੀਆ ਵਿੱਚ ਅਸਦ ਸਰਕਾਰ ਦੇ ਡਿੱਗਣ ਤੋਂ ਬਾਅਦ ਦੂਜੇ ਦੇਸ਼ਾਂ ਵੱਲੋਂ ਹਮਲੇ ਤੇਜ਼ ਹੋ ਗਏ ਹਨ। ਇਜ਼ਰਾਈਲ ਨੇ ਸੀਰੀਆ ਦੇ ਦੱਖਣੀ ਖੇਤਰ 'ਤੇ ਹਮਲਾ ਕੀਤਾ ਹੈ, ਅਮਰੀਕਾ ਨੇ ਕੇਂਦਰੀ ਖੇਤਰ 'ਤੇ ਹਮਲਾ ਕੀਤਾ ਹੈ ਅਤੇ ਤੁਰਕੀ ਨਾਲ ਜੁੜੇ ਬਾਗੀ ਬਲਾਂ ਨੇ ਉੱਤਰੀ ਖੇਤਰ 'ਤੇ ਹਮਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਤੁਰਕੀ ਦੇ ਬਾਗੀ ਬਲਾਂ ਨੇ ਸੀਰੀਆ ਦੇ ਉੱਤਰੀ ਇਲਾਕੇ ਮਨਬਿਜ 'ਤੇ ਕਬਜ਼ਾ ਕਰ ਲਿਆ ਹੈ। ਕੁਰਦਿਸ਼ ਸੀਰੀਅਨ ਡੈਮੋਕਰੇਟਿਕ ਫੋਰਸਿਜ਼ (ਐੱਸਐੱਫਡੀ) ਨੇ 2016 ਵਿੱਚ ਆਈਐੱਸਆਈਐੱਸ ਨੂੰ ਹਰਾ ਕੇ ਮਨਬਿਜ ਦਾ ਕੰਟਰੋਲ ਹਾਸਿਲ ਕੀਤਾ ਸੀ।
ਅਮਰੀਕਾ ਅਤੇ ਤੁਰਕੀ ਵਿਚਕਾਰ ਸੋਮਵਾਰ ਨੂੰ ਮਨਬਿਜ ਵਿੱਚ ਐੱਸਡੀਐੱਫ ਦੀ ਹਾਰ ਤੋਂ ਬਾਅਦ ਕੁਰਦ ਲੜਾਕਿਆਂ ਦੀ ਸੁਰੱਖਿਅਤ ਨਿਕਾਸੀ ਲਈ ਇੱਕ ਸਮਝੌਤਾ ਹੋਇਆ ਸੀ। ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਏਰਦੋਗਨ ਨੇ ਇਸ ਜਿੱਤ 'ਤੇ ਕਿਹਾ ਕਿ ਉਹ ਮਨਬਿਜ ਤੋਂ 'ਅੱਤਵਾਦੀਆਂ' ਦੇ ਖਾਤਮੇ ਤੋਂ ਖੁਸ਼ ਹਨ।
ਇਜ਼ਰਾਇਲੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸੋਮਵਾਰ ਨੂੰ ਸੀਰੀਆ 'ਚ 100 ਤੋਂ ਵੱਧ ਹਵਾਈ ਹਮਲੇ ਕੀਤੇ। ਅਲ ਜਜ਼ੀਰਾ ਮੁਤਾਬਕ ਇਹ ਹਮਲੇ ਰਾਜਧਾਨੀ ਦਮਿਸ਼ਕ ਦੇ ਨੇੜੇ ਬਰਜਾਹ ਵਿਗਿਆਨਕ ਖੋਜ ਕੇਂਦਰ ਨੇੜੇ ਹੋਏ।
ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੋਨ ਸਾਰ ਨੇ ਮੰਨਿਆ ਹੈ ਕਿ ਇਜ਼ਰਾਈਲ ਨੇ ਹਥਿਆਰਾਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਹੈ। ਦਰਅਸਲ ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਅਸਦ ਸਰਕਾਰ ਨੇ ਇੱਥੇ ਰਸਾਇਣਕ ਹਥਿਆਰ ਛੁਪਾਏ ਹੋਏ ਹਨ। ਹੁਣ ਇਜ਼ਰਾਈਲ ਨੂੰ ਡਰ ਹੈ ਕਿ ਇਹ ਹਥਿਆਰ ਸੀਰੀਆਈ ਬਾਗੀਆਂ ਦੇ ਹੱਥ ਲੱਗ ਸਕਦੇ ਹਨ।
ਇਸ ਤੋਂ ਪਹਿਲਾਂ 50 ਸਾਲਾਂ 'ਚ ਪਹਿਲੀ ਵਾਰ ਇਜ਼ਰਾਈਲ ਨੇ ਸੀਰੀਆ ਦੀ ਸਰਹੱਦ ਪਾਰ ਕਰਕੇ ਗੋਲਾਨ ਹਾਈਟਸ ਇਲਾਕੇ 'ਚ ਆਪਣੀ ਫੌਜ ਭੇਜ ਕੇ ਬਫਰ ਜ਼ੋਨ 'ਤੇ ਕਬਜ਼ਾ ਕਰ ਲਿਆ ਸੀ। ਅਲਜਜ਼ੀਰਾ ਨੇ ਲੇਬਨਾਨ ਨਾਲ ਜੁੜੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਜ਼ਰਾਇਲੀ ਫੌਜ ਹੁਣ ਬਫਰ ਜ਼ੋਨ ਦੀਆਂ ਸੀਮਾਵਾਂ ਤੋਂ ਬਾਹਰ ਚਲੀ ਗਈ ਹੈ।