ਮਾਸਕੋ, 10 ਦਸੰਬਰ (ਪੋਸਟ ਬਿਊਰੋ): ਆਧੁਨਿਕ ਮਲਟੀ-ਰੋਲ ਸਟੀਲਥ-ਗਾਈਡਿਡ ਮਿਜ਼ਾਈਲ ਫ੍ਰੀਗੇਟ' ਆਈਐੱਨਐੱਸ ਤੁਸ਼ੀਲ' ਸੋਮਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਹੋ ਗਿਆ। ਜਾਣਕਾਰੀ ਮੁਤਾਬਕ ਰੂਸ ਦੇ ਤੱਟਵਰਤੀ ਸ਼ਹਿਰ ਕੈਲਿਨਿਨਗ੍ਰਾਦ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਐਡਮਿਰਲ ਦਿਨੇਸ਼ ਤ੍ਰਿਪਾਠੀ ਦੀ ਮੌਜੂਦਗੀ 'ਚ ਇਹ ਜੰਗੀ ਬੇੜਾ ਭਾਰਤ ਨੂੰ ਸੌਂਪਿਆ ਗਿਆ।
ਆਈਐੱਨਐੱਸ ਤੁਸ਼ੀਲ ਕਈ ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਇਨ੍ਹਾਂ ਵਿੱਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ, ਉੱਚ ਰੇਂਜ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਅਤੇ ਏਅਰਕ੍ਰਾਫਟ ਗੰਨ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਜੰਗੀ ਬੇੜੇ 'ਚ ਕੰਟਰੋਲ ਨਜ਼ਦੀਕੀ ਦੂਰੀ ਦੇ ਰੈਪਿਡ ਫਾਇਰ ਗਨ ਸਿਸਟਮ, ਪਣਡੁੱਬੀ ਨੂੰ ਮਾਰਨ ਵਾਲੇ ਟਾਰਪੀਡੋ ਸਮੇਤ ਕਈ ਉੱਨਤ ਰਾਕੇਟ ਵੀ ਹਨ। ਜੰਗੀ ਬੇੜੇ ਦਾ ਡਿਜ਼ਾਈਨ ਇਸ ਨੂੰ ਰਡਾਰ ਚੋਰੀ ਸਮਰੱਥਾ ਅਤੇ ਬਿਹਤਰ ਸਥਿਰਤਾ ਪ੍ਰਦਾਨ ਕਰਦਾ ਹੈ।
2016 ਵਿੱਚ, ਭਾਰਤ ਅਤੇ ਰੂਸ ਵਿਚਕਾਰ 4 ਸਟੀਲਥ ਫ੍ਰੀਗੇਟਾਂ ਲਈ 2.5 ਬਿਲੀਅਨ ਡਾਲਰ (ਲਗਭਗ 21 ਹਜ਼ਾਰ ਕਰੋੜ ਰੁਪਏ) ਦਾ ਇੱਕ ਸੌਦਾ ਹੋਇਆ ਸੀ। ਇਨ੍ਹਾਂ ਵਿੱਚੋਂ 2 ਜੰਗੀ ਬੇੜੇ ਰੂਸ ਅਤੇ 2 ਗੋਆ ਸਿ਼ਪਯਾਰਡ ਵਿੱਚ ਬਣਾਏ ਜਾਣੇ ਹਨ। ਤੁਸ਼ੀਲ ਦੀ ਡਿਲੀਵਰੀ ਤੋਂ ਬਾਅਦ, ਰੂਸ ਜੂਨ-ਜੁਲਾਈ 2025 ਵਿੱਚ ਤਮਾਲ ਨੂੰ ਭਾਰਤ ਨੂੰ ਸੌਂਪ ਦੇਵੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਆਈਐੱਨਐੱਸ ਤੁਸ਼ੀਲ ਭਾਰਤ ਦੀ ਸਮੁੰਦਰੀ ਸ਼ਕਤੀ ਨੂੰ ਵਧਾਏਗਾ। ਉਨ੍ਹਾਂ ਨੇ ਇਸ ਨੂੰ ਰੂਸੀ ਅਤੇ ਭਾਰਤੀ ਉਦਯੋਗਾਂ ਦੀ ਸਫਲ ਸਾਂਝੇਦਾਰੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦਾ ਮੀਲ ਪੱਥਰ ਦੱਸਿਆ। ਰੱਖਿਆ ਮੰਤਰੀ ਨੇ ਜਹਾਜ਼ਾਂ ਵਿੱਚ ‘ਮੇਡ ਇਨ ਇੰਡੀਆ’ ਸਮੱਗਰੀ ਵਧਣ `ਤੇ ਵੀ ਖੁਸ਼ੀ ਪ੍ਰਗਟਾਈ।