ਪੈਰਿਸ, 5 ਦਸੰਬਰ (ਪੋਸਟ ਬਿਊਰੋ): ਫਰਾਂਸ ਵਿੱਚ 3 ਮਹੀਨੇ ਪਹਿਲਾਂ ਬਣੀ ਪ੍ਰਧਾਨ ਮੰਤਰੀ ਮਿਸ਼ੇਲ ਬਾਰਨੀਅਰ ਦੀ ਸਰਕਾਰ ਬੁੱਧਵਾਰ ਨੂੰ ਡਿੱਗ ਗਈ। ਫਰਾਂਸ ਦੀ ਸੰਸਦ 'ਚ ਪ੍ਰਧਾਨ ਮੰਤਰੀ ਬਾਰਨੀਅਰ ਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਆਪਣੀ ਪੂਰੀ ਕੈਬਨਿਟ ਸਮੇਤ ਰਾਸ਼ਟਰਪਤੀ ਮੈਕਰੌਂ ਨੂੰ ਆਪਣਾ ਅਸਤੀਫਾ ਸੌਂਪਣਾ ਹੋਵੇਗਾ।
ਫਰਾਂਸ ਦੇ 62 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸੰਸਦ ਵਿੱਚ ਬੇਭਰੋਸਗੀ ਮਤਾ ਪਾਸ ਹੋਣ ਕਾਰਨ ਕੋਈ ਪ੍ਰਧਾਨ ਮੰਤਰੀ ਸੱਤਾ ਗੁਆ ਰਿਹਾ ਹੈ।
ਸੰਸਦ ਵਿੱਚ ਖੱਬੇ ਪੱਖੀ ਐੱਨਐੱਫਪੀ ਗਠਜੋੜ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਦੇ ਹੱਕ ਵਿੱਚ 331 ਵੋਟਾਂ ਪਈਆਂ, ਜਦੋਂਕਿ ਮਤੇ ਨੂੰ ਪਾਸ ਕਰਨ ਲਈ ਸਿਰਫ਼ 288 ਵੋਟਾਂ ਹੀ ਕਾਫੀ ਸਨ।
ਕੰਜ਼ਰਵੇਟਿਵ ਨੇਤਾ ਬਾਰਨੀਅਰ, ਜਿਨ੍ਹਾਂ ਨੂੰ ਸਿਰਫ 3 ਮਹੀਨੇ ਪਹਿਲਾਂ ਨਿਯੁਕਤ ਕੀਤਾ ਗਿਆ ਸੀ, ਵੀਰਵਾਰ ਨੂੰ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਨੂੰ ਫਰਾਂਸ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਲਈ ਸਰਕਾਰ ਚਲਾਉਣ ਵਾਲਾ ਪ੍ਰਧਾਨ ਮੰਤਰੀ ਮੰਨਿਆ ਜਾਵੇਗਾ।
ਬਾਰਨੀਅਰ ਨੇ ਅਵਿਸ਼ਵਾਸ ਪ੍ਰਸਤਾਵ ਤੋਂ ਪਹਿਲਾਂ ਆਪਣੇ ਆਖਰੀ ਭਾਸ਼ਣ ਵਿੱਚ ਕਿਹਾ ਸੀ ਕਿ ਫਰਾਂਸ ਅਤੇ ਫਰਾਂਸ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।