-ਸੀਨੀਅਰ ਸਿਟੀਜ਼ਨ ਨੂੰ ਸਰਕਾਰ, ਸਮਾਜ ਅਤੇ ਪਰਿਵਾਰ ਪੂਰਨ ਸਤਿਕਾਰ ਦੇਣ : ਬਾਵਾ
ਲੁਧਿਆਣਾ, 19 ਨਵੰਬਰ (ਗਿਆਨ ਸਿੰਘ): ਲੁਧਿਆਣਾ ਫਸਟ ਕਲੱਬ ਦੇ ਮੈਂਬਰ ਵੀਰ ਚੱਕਰ ਵਿਜੇਤਾ ਕਰਨਲ ਹਰਬੰਤ ਸਿੰਘ ਕਾਹਲੋ, ਰਿਟਾਇਰਡ ਕਰਨਲ ਯੋਗਰਾਜ ਸਿੱਧੂ, ਰਿਟਾਇਰਡ ਮੇਜਰ ਆਈ.ਐੱਸ. ਸੰਧੂ, ਰਿਟਾਇਰਡ ਮੇਜਰ ਐਚ.ਐੱਲ. ਭੰਬ ਅਤੇ ਉਹਨਾਂ ਨਾਲ ਦੇਸ਼ ਭਗਤੀ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਰਿਟਾਇਰਡ ਜੱਜ ਆਰ.ਐੱਸ. ਖੋਖਰ, ਉੱਘੇ ਬਿਜਨਸਮੈਨ ਵਿਨੋਦ ਤਲਵਾਰ, ਸਨਅਤਕਾਰ ਜੋਗਾ ਸਿੰਘ ਮਾਨ, ਕਲੱਬ ਦੇ ਪ੍ਰਬੰਧਕ ਸਕੱਤਰ ਅਸ਼ਵਨੀ ਅਰੋੜਾ ਨੇ ਜਾਰੀ ਇੱਕ ਬਿਆਨ ਰਾਹੀਂ ਮੰਗ ਕੀਤੀ ਕਿ 1971 ਦੀ ਜੰਗ ਦਾ ਜੇਤੂ ਟੈਂਕ ਪਹਿਲਾਂ ਦੀ ਤਰ੍ਹਾਂ ਭਾਰਤ ਨਗਰ ਚੌਂਕ ਵਿੱਚ ਰੱਖਿਆ ਜਾਵੇ। ਇਹ ਪਹਿਲਾਂ 1978 ਵਿੱਚ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਵਾਇਆ ਸੀ। ਉਹਨਾਂ ਉਪਰੋਕਤ ਮੰਗ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਕਾਰਪੋਰੇਸ਼ਨ ਤੋਂ ਕੀਤੀ। ਉਨ੍ਹਾਂ ਇਸ ਸਮੇਂ ਜਲੰਧਰ ਤੋਂ ਆਉਣ ਸਮੇਂ ਨਾਲੇ 'ਤੇ ਬਣੇ ਪੁੱਲ ਨੂੰ ਵੀ ਲੰਮੇ ਸਮੇਂ ਤੋਂ ਬੰਦ ਹੋਣ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੀ ਅਣਗਹਿਲੀ ਕਿਹਾ ਅਤੇ ਉਨ੍ਹਾਂ ਦਮੋਰੀਆ ਪੁਲ ਬੰਦ ਹੋਣ 'ਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਸੁਚਾਰੂ ਹੱਲ ਕਰਨ ਦੀ ਅਪੀਲ ਕੀਤੀ ਅਤੇ ਬੰਦ ਪੁਲ ਚਾਲੂ ਕਰਨ ਲਈ ਕਿਹਾ।
ਇਸ ਸਮੇਂ ਬਾਵਾ ਨੇ ਕਿਹਾ ਕਿ ਲੁਧਿਆਣਾ ਫਸਟ ਕਲੱਬ ਗੈਰ ਸਿਆਸੀ ਸੰਸਥਾ ਹੈ। ਇਸ ਦੇ ਮੈਂਬਰ ਉਹੀ ਹਨ ਜੋ ਸਤਲੁਜ ਕਲੱਬ ਦੇ ਮੈਂਬਰ ਹਨ। ਜੋ ਕਿ ਕੁੱਲ ਸਿਰਫ 25 ਹਨ ਅਤੇ ਹਮੇਸ਼ਾ ਸਮਾਜਿਕ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਖਿੱਚਦੇ ਰਹਿੰਦੇ ਹਨ। ਇਸ ਵਿੱਚ ਸਭ ਤੋਂ ਵੱਧ ਉਮਰ ਦੇ ਸੰਸਥਾ ਦੇ ਬਾਨੀ ਐੱਸ.ਕੇ. ਗੁਪਤਾ 89 ਸਾਲ ਦੇ ਹਨ। ਕਲੱਬ ਦੇ ਮੈਂਬਰਾਂ ਵਿੱਚ ਐੱਸ.ਐੱਸ. ਬੇਦੀ, ਕ੍ਰਿਸ਼ਨ ਕਾਂਸਲ, ਪੰਕਜ ਪ੍ਰਭਾਕਰ, ਡਾ. ਦੱਤਾ, ਗੁਰਿੰਦਰ ਕੈਰੋਂ, ਮੁਕੇਸ਼ ਸੂਦ, ਸੋਨੂ ਮਾਨ, ਮਹਿੰਦਰ ਸਿੰਘ ਈਰੋਜ ਆਦਿ ਸ਼ਾਮਿਲ ਹਨ। ਇਸ ਸਮੇਂ ਉਹਨਾਂ ਕਿਹਾ ਕਿ ਲੋੜ ਹੈ ਸੀਨੀਅਰ ਸਿਟੀਜਨ ਨੂੰ ਪਰਿਵਾਰ, ਸਮਾਜ ਅਤੇ ਸਰਕਾਰ ਪੂਰਨ ਸਤਿਕਾਰ ਦੇਵੇ ਅਤੇ ਉਹਨਾਂ ਦੇ ਜੀਵਨ ਦੇ ਸੰਘਰਸ਼ ਅਤੇ ਤਜਰਬੇ ਤੋਂ ਫਾਇਦਾ ਉਠਾ ਕੇ ਸੁਚੱਜੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਵੇ।